ਹੈਦਰਾਬਾਦ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਪਾਕਿਸਤਾਨ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਬੱਲੇਬਾਜ਼ੀ ਦੀ ਅਕਸਰ ਤੁਲਨਾ ਹੁੰਦੀ ਰਹਿੰਦੀ ਹੈ। ਬਾਬਰ ਨੇ ਜਿਸ ਤਰ੍ਹਾਂ ਅੰਤਰ-ਰਾਸ਼ਟਰੀ ਕ੍ਰਿਕੇਟ ਵਿੱਚ ਬੱਲੇਬਾਜ਼ੀ ਕਰ ਆਪਣਾ ਨਾਂਅ ਚਮਕਾਇਆ ਉਹ ਸ਼ਲਾਘਾਯੋਗ ਹੈ। ਸਾਲ 2015 ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ ਜਿਸ ਤੋਂ ਬਾਅਦ ਉਹ ਪਾਕਿਸਤਾਨ ਲਈ 'ਰਣ ਮਸ਼ੀਨ' ਬਣ ਗਏ।
ਉਨ੍ਹਾਂ ਨੇ ਆਪਣੇ 5 ਸਾਲ ਦੇ ਕਰੀਅਰ ਵਿੱਚ 74 ਵਨ-ਡੇਅ ਤੇ 38 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 3359 ਤੇ 1471 ਦੌੜਾਂ ਬਣਾਈਆਂ ਹਨ। ਜੇ ਗੱਲ ਕਰੀਏ ਟੈਸਟ ਮੈਚ ਦੀ ਤਾਂ ਉਨ੍ਹਾਂ ਨੇ 45 ਦੀ ਐਵਰਜ਼ ਨਾਲ 26 ਮੈਚਾਂ ਵਿੱਚ 1850 ਦੌੜਾਂ ਬਣਾਈਆਂ ਹਨ।
ਆਪਣੀ ਤਕਨੀਕ ਤੇ ਸਥਿਰਤਾ ਕਾਰਨ ਉਨ੍ਹਾਂ ਦੀ ਤੁਲਨਾ ਵਿਰਾਟ ਨਾਲ ਹੁੰਦੀ ਹੈ। 31 ਸਾਲਾਂ ਕੋਹਲੀ ਖ਼ੁਦ ਨੂੰ ਵਿਸ਼ਵ ਦਾ ਨੰਬਰ-1 ਬੱਲੇਬਾਜ਼ ਸਾਬਤ ਕਰ ਚੁੱਕੇ ਹਨ। ਜਿੱਥੇ ਵਿਰਾਟ ਵਨ-ਡੇਅ ਕ੍ਰਿਕੇਟ ਦੇ ਵਿਸ਼ਵ ਦੇ ਨੰਬਰ-1 ਬੱਲੇਬਾਜ਼ ਹਨ ਉੱਥੇ ਹੀ ਬਾਬਰ ਟੀ20 ਅੰਤਰਰਾਸ਼ਟਰੀ ਦੇ ਵਿਸ਼ਵ ਦੇ ਨੰਬਰ-1 ਬੱਲੇਬਾਜ਼ ਹਨ।
ਹਾਲ ਹੀ ਵਿੱਚ ਕ੍ਰਿਕੇਟਰ ਤੋਂ ਕਮੈਂਟਰ ਬਣੇ ਆਕਾਸ਼ ਚੋਪੜਾ ਨੇ ਕੋਹਲੀ ਤੇ ਬਾਬਰ ਦੀ ਤੁਲਨਾ ਬਾਰੇ ਟਿੱਪਣੀ ਕੀਤੀ ਹੈ। ਚੋਪੜਾ ਨੇ ਕਿਹਾ ਹੈ, "ਬਾਬਰ ਬਹੁਤ ਦਿਲਚਸਪ ਖਿਡਾਰੀ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਵੀ ਸੱਚ ਹੈ ਕਿ ਇਸ ਦੌੜ ਵਿੱਚ ਵਿਰਾਟ ਬਹੁਤ ਅੱਗੇ ਹਨ। ਉਹ ਉਮਰ ਵਿੱਚ ਵੱਡੇ ਹਨ ਤੇ ਬਾਬਰ ਤੋਂ ਬਹੁਤ ਪਹਿਲਾਂ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਵਿਰਾਟ ਦਾ ਨਾਂਅ ਦਿੱਗਜ਼ਾਂ ਵਿੱਚ ਲਿਆ ਜਾਂਦਾ ਹੈ।"