ਚੰਡੀਗੜ੍ਹ: ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ 4 ਮਾਰਚ ਤੋਂ ਭਾਰਤ ਅਤੇ ਸ਼੍ਰੀਲੰਕਾ (India Sri Lanka test match mohali) ਵਿਚਾਲੇ ਟੈਸਟ ਮੈਚ ਖੇਡਿਆ ਜਾਣਾ ਹੈ। ਜਿਸ ਲਈ ਸ਼ਨੀਵਾਰ ਨੂੰ ਦੋਵਾਂ ਟੀਮਾਂ ਦੇ ਕੁਝ ਮੈਂਬਰ ਚੰਡੀਗੜ੍ਹ ਪਹੁੰਚ ਗਏ ਹਨ। ਦੋਵਾਂ ਟੀਮਾਂ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਪਰ ਸੁਰੱਖਿਆ ਅਧਿਕਾਰੀਆਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਟੀਮ ਇੰਡੀਆ ਨੂੰ ਹੋਟਲ ਤੋਂ ਮੋਹਾਲੀ ਦੇ ਪੀਸੀਏ ਸਟੇਡੀਅਮ ਤੱਕ ਲੈ ਜਾਣ ਵਾਲੀ ਬੱਸ ਵਿਚੋਂ ਦੋ ਚੱਲੇ ਹੋਏ ਕਾਰਤੂਸ ਮਿਲੇ। ਮੌਕੇ 'ਤੇ ਕਈ ਪੁਲਿਸ ਅਧਿਕਾਰੀ ਵੀ ਪਹੁੰਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿੱਚ ਠਹਿਰੀ ਹੋਈ ਹੈ। ਜਿੱਥੋਂ ਟੀਮ ਨੂੰ ਬੱਸ ਰਾਹੀਂ ਅਭਿਆਸ ਲਈ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਜਾਣਾ ਪਿਆ। ਸੁਰੱਖਿਆ ਅਮਲੇ ਵੱਲੋਂ ਬੱਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਬੱਸ ਦੇ ਸਮਾਨ ਦੇ ਡੱਬੇ ਵਿੱਚੋਂ ਦੋ ਫਾਇਰ ਕੀਤੇ ਕਾਰਤੂਸ ਮਿਲੇ ਹਨ। ਕਾਰਤੂਸਾਂ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ। ਇਸ ਤੋਂ ਬਾਅਦ ਕਈ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ।
ਬਰਾਮਦ ਕੀਤੇ ਦੋਵੇਂ ਖੋਲ ਸੀ.ਐਫ.ਐਸ.ਐਲ ਦੀ ਟੀਮ ਵੱਲੋਂ ਜ਼ਬਤ ਕਰਕੇ ਜਾਂਚ ਲਈ ਲੈ ਗਏ ਹਨ। ਇਸ ਦੌਰਾਨ ਸੂਚਨਾ ਮਿਲਣ ’ਤੇ ਪੁਲਿਸ ਨੇ ਬੰਬ ਨਿਰੋਧਕ ਦਸਤੇ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਮਾਮਲੇ ਸਬੰਧੀ ਪੁਲਿਸ ਵੱਲੋਂ ਡੀਡੀਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਬੱਸ ਵਿੱਚੋਂ ਕਾਰਤੂਸ ਦਾ ਖੋਲ ਮਿਲਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਵੀ ਚੈਕਿੰਗ ਕੀਤੀ। ਪੁਲਿਸ ਨੇ ਬੱਸ ਵਿੱਚੋਂ ਮਿਲੇ ਕਾਰਤੂਸ ਦੇ ਦੋਵੇਂ ਖੋਲ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਬੱਸ ਮਾਲਕ ਵੱਲੋਂ ਦੱਸਿਆ ਗਿਆ ਹੈ ਕਿ ਬੱਸ ਜਲੰਧਰ ਤੋਂ ਵਿਆਹ ਸਮਾਗਮ ਤੋਂ ਆਈ ਸੀ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।