ਨਵੀਂ ਦਿੱਲੀ— ਬਾਰਡਰ ਗਾਵਸਕਰ ਟਰਾਫੀ ਦਾ ਦੂਜਾ ਟੈਸਟ 17 ਫਰਵਰੀ ਤੋਂ ਦਿੱਲੀ 'ਚ ਖੇਡਿਆ ਜਾਣਾ ਹੈ। ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਭਾਰਤੀ ਟੀਮ ਦੂਜਾ ਟੈਸਟ ਜਿੱਤਣ ਲਈ ਕਾਫੀ ਪਸੀਨਾ ਵਹਾ ਰਹੀ ਹੈ। ਇਸ ਦੌਰਾਨ ਬੀਸੀਸੀਆਈ ਤੋਂ ਖ਼ਬਰ ਆਈ ਹੈ ਕਿ ਭਾਰਤ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜੈਦੇਵ ਨੂੰ ਸੀਰੀਜ਼ ਦੇ ਦੋ ਟੈਸਟਾਂ ਲਈ ਚੁਣਿਆ ਗਿਆ ਸੀ। ਉਸ ਦਾ ਨਾਂ ਦਿੱਲੀ 'ਚ ਹੋਣ ਵਾਲੇ ਟੈਸਟ ਮੈਚ ਲਈ ਟੀਮ 'ਚ ਵੀ ਸ਼ਾਮਲ ਸੀ। ਹਾਲਾਂਕਿ ਉਸ ਦਾ ਨਾਂ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਸੀ।
ਬੀਸੀਸੀਆਈ ਮੁਤਾਬਕ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਸਹਿਮਤੀ ਤੋਂ ਬਾਅਦ ਜੈਦੇਵ ਨੂੰ ਰਣਜੀ ਟਰਾਫੀ ਫਾਈਨਲ ਵਿੱਚ ਸੌਰਾਸ਼ਟਰ ਦੇ ਵਲੋਂ ਖੇਡਣ ਲਈ ਛੱਡਣ ਦਾ ਫੈਸਲਾ ਲਿਆ ਗਿਆ ਹੈ। ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਸੌਰਾਸ਼ਟਰ ਟੀਮ ਦੇ ਕਪਤਾਨ ਰਹੇ ਹਨ। ਜੈਦੇਵ ਨੇ ਆਸਟ੍ਰੇਲੀਆ ਸੀਰੀਜ਼ 'ਚ ਨਾਂ ਹੋਣ ਤੋਂ ਬਾਅਦ ਰਣਜੀ ਟੀਮ ਛੱਡ ਦਿੱਤੀ ਸੀ। ਪਰ ਹੁਣ ਸੌਰਾਸ਼ਟਰ ਨੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਜਿਹੇ 'ਚ ਬੀਸੀਸੀਆਈ ਨੇ ਜੈਦੇਵ ਨੂੰ ਫਿਰ ਤੋਂ ਰਣਜੀ ਫਾਈਨਲ ਲਈ ਸੌਰਾਸ਼ਟਰ ਟੀਮ 'ਚ ਸ਼ਾਮਲ ਕੀਤਾ ਹੈ। ਕੋਲਕਾਤਾ ਦੇ ਈਡਨ ਗਾਰਡਨ 'ਚ 16 ਫਰਵਰੀ ਨੂੰ ਸੌਰਾਸ਼ਟਰ ਦਾ ਸਾਹਮਣਾ ਬੰਗਾਲ ਨਾਲ ਹੋਵੇਗਾ।
ਕੌਣ ਹੈ ਜੈਦੇਵ ਉਨਾਦਕਟ:ਪੋਰਬੰਦਰ, ਗੁਜਰਾਤ ਦੇ ਇੱਕ 31 ਸਾਲਾ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ 20 ਦਸੰਬਰ ਨੂੰ ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਵਿਰੁੱਧ ਸਾਲ 2010 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 12 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 22 ਦਸੰਬਰ 2022 ਨੂੰ ਉਸਨੇ ਮੀਰਪੁਰ ਵਿੱਚ ਬੰਗਲਾਦੇਸ਼ ਦੇ ਖਿਲਾਫ ਆਪਣੇ ਕਰੀਅਰ ਦਾ ਦੂਜਾ ਟੈਸਟ ਮੈਚ ਖੇਡਿਆ। ਵਨਡੇ ਮੈਚ ਦੀ ਗੱਲ ਕਰੀਏ ਤਾਂ ਉਸਨੇ 24 ਜੁਲਾਈ 2013 ਨੂੰ ਜ਼ਿੰਬਾਬਵੇ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ। ਜਦਕਿ ਉਸ ਨੇ ਆਖਰੀ ਮੈਚ 21 ਨਵੰਬਰ 2013 ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਉਸਨੇ ਜ਼ਿੰਬਾਬਵੇ ਦੇ ਖਿਲਾਫ 18 ਜੂਨ 2016 ਨੂੰ ਆਪਣਾ ਟੀ-20 ਡੈਬਿਊ ਕੀਤਾ। ਜਦਕਿ ਟੀ-20 ਦਾ ਆਖਰੀ ਮੈਚ 18 ਮਾਰਚ 2018 ਨੂੰ ਬੰਗਲਾਦੇਸ਼ ਦੇ ਖਿਲਾਫ ਖੇਡਿਆ ਗਿਆ ਸੀ।