ਹੈਦਰਾਬਾਦ:BCCI ਨੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ T20I ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਦਿੱਤੀ ਗਈ ਹੈ। ਇਸ ਟੀਮ 'ਚ ਕਈ ਹੈਰਾਨੀਜਨਕ ਨਾਂ ਸਾਹਮਣੇ ਆਏ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਵਰਗੇ ਚੋਟੀ ਦੇ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਜ਼ਖਮੀ ਹਨ, ਜਿਸ ਕਾਰਨ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਕਮਾਨ: ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਹੈ। ਟੀਮ 'ਚ 6 ਮਾਹਿਰ ਬੱਲੇਬਾਜ਼ਾਂ ਦੇ ਨਾਲ-ਨਾਲ 2 ਵਿਕਟਕੀਪਰ ਬੱਲੇਬਾਜ਼, 3 ਆਲਰਾਊਂਡਰ, 2 ਸਪਿਨਰ ਅਤੇ 3 ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਦੀ ਮੌਜੂਦਗੀ ਨਾਲ ਸਿਖਰਲਾ ਕ੍ਰਮ ਮਜ਼ਬੂਤ ਨਜ਼ਰ ਆ ਰਿਹਾ ਹੈ। ਤਿਲਕ ਵਰਮਾ, ਜਿਤੇਸ਼ ਸ਼ਰਮਾ ਅਤੇ ਸੰਜੂ ਸੈਮਸਨ ਮੱਧਕ੍ਰਮ ਦੀ ਜ਼ਿੰਮੇਵਾਰੀ ਸੰਭਾਲਣਗੇ। ਜਦੋਂ ਕਿ ਰਿੰਕੂ ਸਿੰਘ ਅਤੇ ਸ਼ਿਵਮ ਦੂਬੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ੀ ਹਮਲੇ ਦੀ ਕਮਾਨ ਖੱਬੇ ਹੱਥ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਹੱਥਾਂ ਵਿੱਚ ਹੋਵੇਗੀ। ਜਿਸ ਨੂੰ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਦਾ ਸਹਿਯੋਗ ਮਿਲੇਗਾ। ਵਿਸ਼ਵ ਕੱਪ 2023 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਕੁਲਦੀਪ ਯਾਦਵ ਸਪਿਨ ਵਿਭਾਗ ਨੂੰ ਸੰਭਾਲਣਗੇ।