ਮੁੰਬਈ :ਬੀਸੀਸੀਆਈ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਲਈ ਸਟੇਡੀਅਮ 'ਚ ਦਰਸ਼ਕਾਂ ਦੀ ਮੌਜੂਦਗੀ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਅਜਿਹੇ 'ਚ ਸਟੇਡੀਅਮ ਦੀ ਸਮਰੱਥਾ ਮੁਤਾਬਕ 100 ਫੀਸਦੀ ਦਰਸ਼ਕ ਮੈਦਾਨ 'ਤੇ ਆ ਕੇ ਮੈਚ ਦਾ ਆਨੰਦ ਲੈ ਸਕਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਸੀਸੀਆਈ ਨੇ ਸਟੇਡੀਅਮ ਵਿੱਚ ਦਰਸ਼ਕਾਂ ਦੀ ਮੌਜੂਦਗੀ 'ਤੇ ਪਾਬੰਦੀ ਲਗਾ ਦਿੱਤੀ ਸੀ। ਸਾਲ 2020 'ਚ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਹਰ ਸੀਰੀਜ਼ 'ਚ ਦਰਸ਼ਕਾਂ ਦੀ ਮੌਜੂਦਗੀ ਨੂੰ ਲੈ ਕੇ ਵੱਖ-ਵੱਖ ਨਿਯਮ ਬਣਾਏ ਗਏ ਸਨ। ਕਈ ਮੈਚਾਂ 'ਚ ਦਰਸ਼ਕਾਂ ਦੇ ਆਉਣ 'ਤੇ ਪੂਰਨ ਪਾਬੰਦੀ ਸੀ। ਇਸ ਤੋਂ ਬਾਅਦ ਸਟੇਡੀਅਮ ਦੀ ਸਮਰੱਥਾ ਅਨੁਸਾਰ 50 ਜਾਂ 75 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।
ਫਿਲਹਾਲ, ਹੁਣ ਦਰਸ਼ਕਾਂ ਦੇ ਆਉਣ 'ਤੇ ਲੱਗੀ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਬੀਸੀਸੀਆਈ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ, ਭਾਰਤ ਅਤੇ ਦੱਖਣੀ ਅਫਰੀਕਾ ਸੀਰੀਜ਼ ਵਿੱਚ ਦਰਸ਼ਕ ਮੈਦਾਨ ਵਿੱਚ ਜਾ ਕੇ ਟੀ-20 ਮੈਚ ਦਾ ਆਨੰਦ ਲੈ ਸਕਣਗੇ।