ਨਵੀਂ ਦਿੱਲੀ: ਆਸਟ੍ਰੇਲੀਆ ਨੇ ਭਾਰਤ ਖਿਲਾਫ ਬਾਕੀ ਬਚੇ ਤਿੰਨ ਮੈਚਾਂ ਲਈ ਆਪਣੀ ਟੀ-20 ਟੀਮ 'ਚ ਵੱਡੇ ਬਦਲਾਅ ਕੀਤੇ ਹਨ। ਆਸਟ੍ਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਛੇ ਖਿਡਾਰੀ ਹੁਣ ਆਪਣੇ ਦੇਸ਼ ਪਰਤਣ ਜਾ ਰਹੇ ਹਨ। ਆਸਟ੍ਰੇਲੀਆ ਨੇ ਭਾਰਤ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਵਿਸ਼ਵ ਕੱਪ ਟੀਮ 'ਚ ਸ਼ਾਮਲ ਆਪਣੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਟੀਵ ਸਮਿਥ ਅਤੇ ਐਡਮ ਜ਼ਾਂਪਾ ਤੀਜੇ ਟੀ-20 ਮੈਚ ਤੋਂ ਪਹਿਲਾਂ ਹੀ ਘਰ ਪਰਤ ਚੁੱਕੇ ਹਨ। ਉਥੇ ਹੀ ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਜੋਸ਼ ਇੰਗਲਿਸ ਅਤੇ ਸੀਨ ਐਬੋਟ ਮੰਗਲਵਾਰ ਨੂੰ ਗੁਹਾਟੀ 'ਚ ਤੀਜੇ ਟੀ-20 ਮੈਚ ਤੋਂ ਬਾਅਦ ਬੁੱਧਵਾਰ ਨੂੰ ਘਰ ਪਰਤਣਗੇ।
ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਭਾਰਤ 'ਚ ਰਹਿਣ ਵਾਲੇ ਖਿਡਾਰੀਆਂ ਨੂੰ ਲੈ ਕੇ ਆਸਟ੍ਰੇਲੀਆਈ ਪ੍ਰਬੰਧਨ ਨੇ ਇਹ ਫੈਸਲਾ ਲਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਬਨਾਮ ਭਾਰਤ ਵਨਡੇ ਸੀਰੀਜ਼ ਦਾ ਵੀ ਹਿੱਸਾ ਸਨ। ਵਿਸ਼ਵ ਕੱਪ ਖੇਡਣ ਵਾਲਾ ਟ੍ਰੈਵਿਸ ਹੈੱਡ ਇਕਲੌਤਾ ਮੈਂਬਰ ਹੈ ਜੋ ਇਸ ਟੀ-20 ਸੀਰੀਜ਼ ਦੇ ਬਾਕੀ ਮੈਚਾਂ ਲਈ ਭਾਰਤ 'ਚ ਹੀ ਰਹੇਗਾ। ਵਿਸ਼ਵ ਕੱਪ ਫਾਈਨਲ 'ਚ ਪਲੇਅਰ ਆਫ ਦਿ ਮੈਚ ਰਹੇ ਹੈੱਡ ਨੂੰ ਅਜੇ ਤੱਕ ਇਕ ਵੀ ਟੀ-20 ਮੈਚ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।