ਨਵੀਂ ਦਿੱਲੀ: ਆਸਟ੍ਰੇਲੀਆ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਤਿੰਨ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾ ਕੇ ਕਲੀਨ ਸਵੀਪ ਕਰ ਲਿਆ ਹੈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸਿਖਰ ਰੈਂਕਿੰਗ 'ਤੇ ਕਬਜ਼ਾ ਕਰ ਲਿਆ ਹੈ। ਆਸਟ੍ਰੇਲੀਆ ਨੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਤੀਜੇ ਟੈਸਟ 'ਚ ਵੀ ਪਾਕਿਸਤਾਨ ਨੂੰ ਹਰਾਇਆ:ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 313 ਦੌੜਾਂ ਬਣਾਈਆਂ। ਜਵਾਬ 'ਚ ਆਸਟ੍ਰੇਲੀਆ ਪਹਿਲੀ ਪਾਰੀ 'ਚ 299 ਦੌੜਾਂ 'ਤੇ ਆਲ ਆਊਟ ਹੋ ਗਈ। ਦੂਸਰੀ ਪਾਰੀ 'ਚ 14 ਦੌੜਾਂ ਦੀ ਸ਼ੁਰੂਆਤੀ ਬੜ੍ਹਤ ਲੈ ਕੇ ਉਤਰੀ ਪਾਕਿਸਤਾਨ ਦੀ ਪੂਰੀ ਟੀਮ ਨੂੰ ਆਸਟ੍ਰੇਲੀਆ ਨੇ 115 ਦੌੜਾਂ 'ਤੇ ਆਊਟ ਕਰ ਦਿੱਤਾ। ਪਾਕਿਸਤਾਨ ਵੱਲੋਂ ਦਿੱਤੇ 130 ਦੌੜਾਂ ਦੇ ਟੀਚੇ ਨੂੰ ਆਸਟ੍ਰੇਲੀਆ ਨੇ ਸਿਰਫ਼ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਪਹਿਲਾਂ ਸਿਖਰ 'ਤੇ ਸੀ ਭਾਰਤ ਦੀ ਟੀਮ: ਇਸ ਜਿੱਤ ਨਾਲ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਸਿਖਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਅਫਰੀਕਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਨਵੀਂ ਅੰਕ ਸੂਚੀ ਵਿਚ ਆਸਟ੍ਰੇਲੀਆ ਦੇ 54 ਅੰਕ ਹਨ, ਜਦਕਿ ਇਕ ਦਿਨ ਸਿਖਰ 'ਤੇ ਰਹੇ ਭਾਰਤ ਦੇ 26 ਅੰਕ ਹਨ ਅਤੇ ਉਹ ਦੂਜੇ ਸਥਾਨ 'ਤੇ ਹੈ। ਅਫਰੀਕਾ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ 12-12 ਅੰਕਾਂ ਨਾਲ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ।
ਡੇਵਿਡ ਵਾਰਨਰ ਦਾ ਟੈਸਟ ਮੈਚਾਂ ਨੂੰ ਅਲਵਿਦਾ:ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਕੰਗਾਰੂਆਂ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਆਖਰੀ ਟੈਸਟ ਮੈਚ ਸੀ। ਪਾਕਿਸਤਾਨ 'ਤੇ ਇਸ ਸ਼ਾਨਦਾਰ ਜਿੱਤ ਨਾਲ ਵਾਰਨਰ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਆਪਣੀ ਆਖਰੀ ਟੈਸਟ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪਾਕਿਸਤਾਨ ਦੇ ਖਿਲਾਫ ਅਰਧ ਸੈਂਕੜਾ ਵੀ ਲਗਾਇਆ।