ਲਾਹੌਰ: ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਕਲੌਤੇ ਟੀ-20 ਮੈਚ 'ਚ ਤਿੰਨ ਵਿਕਟਾਂ ਨਾਲ ਜਿੱਤ ਦਰਜ ਕਰਕੇ 24 ਸਾਲਾਂ 'ਚ ਪਾਕਿਸਤਾਨ ਦੇ ਆਪਣੇ ਪਹਿਲੇ ਦੌਰੇ ਦੀ ਸਮਾਪਤੀ ਕੀਤੀ। ਕਪਤਾਨ ਐਰੋਨ ਫਿੰਚ ਦੀਆਂ 55 ਦੌੜਾਂ ਦੀ ਮਦਦ ਨਾਲ ਆਸਟਰੇਲੀਆ ਨੇ ਪੰਜ ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ’ਤੇ 163 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਬੇਨ ਮੈਕਡਰਮੋਟ (ਅਜੇਤੂ 22) ਨੇ ਹੈਰਿਸ ਰੌਫ 'ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਨਾਥਨ ਐਲਿਸ ਨੇ 28 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ਨਾਲ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਅੱਠ ਵਿਕਟਾਂ 'ਤੇ 162 ਦੌੜਾਂ 'ਤੇ ਰੋਕ ਦਿੱਤਾ। ਸ਼ਾਨਦਾਰ ਫਾਰਮ 'ਚ ਚੱਲ ਰਹੇ ਬਾਬਰ ਆਜ਼ਮ ਨੇ 46 ਗੇਂਦਾਂ 'ਤੇ 66 ਦੌੜਾਂ ਦੀ ਪਾਰੀ ਖੇਡੀ। 1998 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰ ਰਹੀ ਆਸਟਰੇਲੀਆ ਨੇ ਤਿੰਨ ਟੈਸਟ ਮੈਚਾਂ ਦੀ ਲੜੀ 1-0 ਨਾਲ ਜਿੱਤੀ ਹੈ। ਪਰ ਇੱਕ ਰੋਜ਼ਾ ਕੌਮਾਂਤਰੀ ਲੜੀ ਵਿੱਚ ਉਸ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਵਨਡੇ 'ਚ ਸੈਂਕੜਾ ਲਗਾਉਣ ਵਾਲੇ ਟ੍ਰੈਵਿਸ ਹੈੱਡ ਨੇ 14 ਗੇਂਦਾਂ 'ਤੇ 26 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ 21 ਗੇਂਦਾਂ 'ਚ 40 ਦੌੜਾਂ ਜੋੜ ਕੇ ਆਸਟ੍ਰੇਲੀਆ ਨੂੰ ਫਿੰਚ ਨਾਲ ਤੇਜ਼ ਸ਼ੁਰੂਆਤ ਦਿਵਾਈ। ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹੋਏ ਜੋਸ਼ ਇੰਗਲਿਸ ਨੇ ਵੀ 24 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਮਾਰਕਸ ਸਟੋਇਨਿਸ ਨੇ ਸਿਰਫ਼ ਨੌਂ ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ:-ਭਾਰਤ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਬੁੱਧਵਾਰ ਤੋਂ ਹੋਵੇਗੀ ਸ਼ੁਰੂ
ਪਾਕਿਸਤਾਨ ਦੀ ਗੇਂਦਬਾਜ਼ੀ ਵੀ ਦਿਸ਼ਾਹੀਣ ਰਹੀ। ਹਸਨ ਅਲੀ ਨੇ ਤਿੰਨ ਓਵਰਾਂ 'ਚ 30 ਦੌੜਾਂ ਦਿੱਤੀਆਂ ਜਦਕਿ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਤੇਜ਼ ਗੇਂਦਬਾਜ਼ ਮੁਹੰਮਦ ਵਸੀਮ (30 ਦੌੜਾਂ ਦੇ ਕੇ 2 ਵਿਕਟਾਂ) ਨੇ ਲਗਾਤਾਰ ਓਵਰਾਂ ਵਿੱਚ ਸਟੋਇਨਿਸ ਅਤੇ ਕੈਮਰਨ ਗ੍ਰੀਨ ਨੂੰ ਬੋਲਡ ਕੀਤਾ। ਸ਼ਾਹੀਨ ਅਫਰੀਦੀ (21 ਦੌੜਾਂ ਦੇ ਕੇ 2 ਵਿਕਟਾਂ) ਨੇ 19ਵੇਂ ਓਵਰ ਵਿੱਚ ਫਿੰਚ ਅਤੇ ਸੀਨ ਐਬੋਟ ਨੂੰ ਪੈਵੇਲੀਅਨ ਭੇਜਿਆ ਪਰ ਮੈਕਡਰਮੋਟ ਨੇ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਆਜ਼ਮ ਅਤੇ ਮੁਹੰਮਦ ਰਿਜ਼ਵਾਨ (23) ਵਿਚਾਲੇ 67 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਨਾਲ ਚੰਗੀ ਸ਼ੁਰੂਆਤ ਕੀਤੀ। ਆਸਟ੍ਰੇਲੀਆਈ ਟੀਮ 'ਚ ਡੈਬਿਊ ਕਰ ਰਹੇ ਤਿੰਨ ਖਿਡਾਰੀਆਂ 'ਚੋਂ ਇਕ ਗ੍ਰੀਨ ਨੇ ਰਿਜ਼ਵਾਨ ਨੂੰ ਗੇਂਦਬਾਜ਼ੀ ਕਰ ਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਗ੍ਰੀਨ ਨੇ ਫਖਰ ਜ਼ਮਾਨ (00) ਨੂੰ ਅਗਲੀ ਗੇਂਦ 'ਤੇ ਮਿਡ-ਆਨ 'ਤੇ ਫਿੰਚ ਹੱਥੋਂ ਕੈਚ ਕਰਵਾਇਆ।
ਐਡਮ ਜ਼ਾਂਪਾ (29 ਦੌੜਾਂ ਦੇ ਕੇ 1 ਵਿਕਟ) ਨੇ 16ਵੇਂ ਓਵਰ ਵਿੱਚ ਬਾਬਰ ਨੂੰ ਨਾਥਨ ਐਲਿਸ ਹੱਥੋਂ ਕੈਚ ਕਰਵਾ ਦਿੱਤਾ। ਉਸ ਨੇ 46 ਗੇਂਦਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਦੋ ਛੱਕੇ ਲਾਏ। ਐਲਿਸ ਨੇ ਆਪਣੇ ਆਖਰੀ ਦੋ ਓਵਰਾਂ ਵਿੱਚ ਤਿੰਨ ਵਿਕਟਾਂ ਲੈ ਕੇ ਹੇਠਲੇ ਮੱਧਕ੍ਰਮ ਨੂੰ ਤਬਾਹ ਕਰ ਦਿੱਤਾ। ਪਰ ਉਸਮਾਨ ਕਾਦਿਰ ਨੇ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਬੇਨ ਡਵਾਰਹੁਈਸ ਦੇ ਆਖਰੀ ਓਵਰ ਵਿੱਚ 18 ਦੌੜਾਂ ਜੋੜ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਬੇਨ ਨੇ 42 ਦੌੜਾਂ ਖਰਚ ਕੀਤੀਆਂ ਜਦਕਿ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।
ਇਹ ਵੀ ਪੜ੍ਹੋ:-IPL 2022: ਸ਼ਾਹਬਾਜ਼ ਤੇ ਕਾਰਤਿਕ ਦਾ ਪ੍ਰਦਰਸ਼ਨ, RCB ਦੀ ਲਗਾਤਾਰ ਦੂਜੀ ਜਿੱਤ