ਹਾਂਗਜ਼ੂ/ਚੀਨ: ਚੀਨ ਦੇ ਹਾਂਗਜ਼ੂ ਦੇ ਪਿੰਗਫੇਂਗ ਕੈਂਪਸ ਕ੍ਰਿਕਟ ਸਟੇਡੀਅਮ ਵਿੱਚ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਗਿਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਸੈਮੀਫਾਈਨਲ ਮੈਚ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ ਹਰਾ ਦਿੱਤਾ, ਇਸ ਜਿੱਤ ਦੇ ਨਾਲ ਹੀ ਭਾਰਤ ਨੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। 51 ਦੌੜਾਂ ਦੇ ਮਾਮੂਲੀ ਟੀਚੇ 'ਤੇ ਪੂਰੀ ਟੀਮ ਭਾਰਤੀ ਗੇਂਦਬਾਜ਼ਾਂ ਹੱਥੋਂ ਆਲ ਆਊਟ ਹੋ ਗਈ। ਬੰਗਲਾਦੇਸ਼ ਟੀਮ ਦੀਆਂ ਪੰਜ ਖਿਡਾਰਨਾਂ ਨੂੰ ਭਾਰਤੀ ਮਹਿਲਾ ਗੇਂਦਬਾਜ਼ਾਂ ਨੇ 0 ਦੇ ਸਕੋਰ 'ਤੇ ਆਊਟ ਕਰ ਦਿੱਤਾ ਅਤੇ ਟੀਮ ਦੀ ਸਿਰਫ਼ ਇੱਕ ਖਿਡਾਰਨ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੀ।
ਭਾਰਤੀ ਟੀਮ ਨੇ 8.2 ਓਵਰਾਂ ਵਿੱਚ ਹਾਸਿਲ ਕੀਤਾ ਟੀਚਾ: 51 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਟੀਚਾ 8.2 ਓਵਰਾਂ ਵਿੱਚ ਹਾਸਲ ਕਰ ਲਿਆ ਅਤੇ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਨੇ 7 ਦੌੜਾਂ 'ਤੇ ਆਪਣਾ ਵਿਕਟ ਗੁਆ ਦਿੱਤਾ ਅਤੇ ਸ਼ੇਫਾਲੀ ਵਰਮਾ ਦੀ ਦੂਜੀ ਵਿਕਟ 17 ਦੌੜਾਂ 'ਤੇ ਡਿੱਗੀ। ਜੇਮਿਮਾ ਰੌਡਰਿਗਜ਼ 20 ਦੌੜਾਂ ਬਣਾ ਕੇ ਨਾਬਾਦ ਰਹੀ ਅਤੇ ਕਨਿਕਾ ਆਹੂਜਾ 1 ਦੌੜਾਂ ਬਣਾ ਕੇ ਨਾਬਾਦ ਰਹੀ।
ਦੂਜਾ ਸੈਮੀਫਾਈਨਲ ਜਿੱਤਣ ਵਾਲੀ ਟੀਮ ਨਾਲ ਹੋਵੇਗਾ ਫਾਈਨਲ: ਭਾਰਤ ਦੀ ਤਰਫੋਂ ਪੂਜਾ ਵਸਤਰਾਕਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 18 ਦੌੜਾਂ ਦੇ ਕੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਇਸ ਜਿੱਤ ਨਾਲ ਏਸ਼ੀਆਈ ਕ੍ਰਿਕਟ 'ਚ ਭਾਰਤ ਦਾ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਹੈ, ਹੁਣ ਭਾਰਤ ਦਾ ਫਾਈਨਲ ਮੁਕਾਬਲਾ ਦੂਜੇ ਸੈਮੀਫਾਈਨਲ 'ਚ ਜਿੱਤਣ ਵਾਲੀ ਟੀਮ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ 24 ਸਤੰਬਰ ਨੂੰ ਖੇਡਿਆ ਜਾਵੇਗਾ।