ਹਾਂਗਜ਼ੂ:ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਰਵੀ ਬਿਸ਼ਨੋਈ ਦੀ ਅਗਵਾਈ 'ਚ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ ਪੁਰਸ਼ ਟੀ-20 ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਨੇਪਾਲ ਨੂੰ 23 ਦੌੜਾਂ ਨਾਲ ਹਰਾ ਦਿੱਤਾ।
ਜੈਸਵਾਲ ਨੇ 49 ਗੇਂਦਾਂ ਦੀ ਆਪਣੀ ਪਾਰੀ 'ਚ 8 ਚੌਕੇ ਅਤੇ 7 ਛੱਕੇ ਲਗਾ ਕੇ 100 ਦੌੜਾਂ ਬਣਾਈਆਂ। ਚਾਰ ਵਿਕਟਾਂ 'ਤੇ 202 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਨੇਪਾਲ ਦੀ ਪਾਰੀ ਨੂੰ 9 ਵਿਕਟਾਂ 'ਤੇ 179 ਦੌੜਾਂ 'ਤੇ ਰੋਕ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ।
ਜੈਸਵਾਲ ਨੇ ਕਪਤਾਨ ਰੁਤੁਰਾਜ ਗਾਇਕਵਾੜ (23 ਗੇਂਦਾਂ ਵਿੱਚ 25 ਦੌੜਾਂ) ਦੇ ਨਾਲ 59 ਗੇਂਦਾਂ ਵਿੱਚ 103 ਦੌੜਾਂ ਦੀ ਸੈਂਕੜਾ ਸਾਂਝੇਦਾਰੀ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਿਵਮ ਦੂਬੇ (19 ਗੇਂਦਾਂ ਵਿੱਚ ਅਜੇਤੂ 25 ਦੌੜਾਂ) ਅਤੇ ਰਿੰਕੂ ਸਿੰਘ (15 ਗੇਂਦਾਂ ਵਿੱਚ ਅਜੇਤੂ 37 ਦੌੜਾਂ) ਨੇ ਪੰਜਵੇਂ ਵਿਕਟ ਲਈ 22 ਗੇਂਦਾਂ ਵਿੱਚ 52 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ। ਰਿੰਕੂ ਨੇ ਦੋ ਚੌਕੇ ਤੇ ਚਾਰ ਛੱਕੇ ਜੜੇ ਜਦਕਿ ਦੁਬੇ ਨੇ ਦੋ ਚੌਕੇ ਤੇ ਇਕ ਛੱਕਾ ਲਾਇਆ।
ਟੀਚੇ ਦਾ ਪਿੱਛਾ ਕਰਦੇ ਹੋਏ ਨੇਪਾਲ ਦੀ ਟੀਮ 13 ਓਵਰਾਂ 'ਚ ਚਾਰ ਵਿਕਟਾਂ 'ਤੇ 120 ਦੌੜਾਂ ਬਣਾ ਕੇ ਚੰਗੀ ਸਥਿਤੀ 'ਚ ਸੀ ਪਰ ਬਿਸ਼ਨੋਈ ਨੇ ਖਤਰਨਾਕ ਬੱਲੇਬਾਜ਼ ਦੀਪੇਂਦਰ ਸਿੰਘ ਐਰੀ (15 ਗੇਂਦਾਂ 'ਚ 32 ਦੌੜਾਂ) ਅਤੇ ਅਰਸ਼ਦੀਪ ਨੇ ਸੰਦੀਪ ਜੋਰਾ (12 ਗੇਂਦਾਂ 'ਚ 29 ਦੌੜਾਂ) ਨੂੰ ਆਊਟ ਕਰਕੇ ਮੈਚ 'ਚ ਭਾਰਤ ਦੀ ਵਾਪਸੀ ਕੀਤੀ। ਦੋਵਾਂ ਨੇ ਪੰਜਵੇਂ ਵਿਕਟ ਲਈ ਸਿਰਫ਼ 20 ਗੇਂਦਾਂ ਵਿੱਚ 45 ਦੌੜਾਂ ਦੀ ਸਾਂਝੇਦਾਰੀ ਕਰਕੇ ਕੁਝ ਸਮੇਂ ਲਈ ਭਾਰਤੀ ਕੈਂਪ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ।