ਚੰਡੀਗੜ੍ਹ: ਏਸ਼ੀਆ ਕੱਪ-2023 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਕੋਲੰਬੋ ਵਿੱਚ ਅੱਜ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜੇਕਰ ਅੱਜ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਇੱਕ ਰਾਖਵਾਂ ਦਿਨ (ਸੋਮਵਾਰ 18 ਸਤੰਬਰ) ਰੱਖਿਆ ਹੈ। ਜੇਕਰ ਰਿਜ਼ਰਵ ਦਿਨ 'ਤੇ ਵੀ ਮੀਂਹ ਪੈਂਦਾ ਹੈ ਤਾਂ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਨੂੰ ਸਾਂਝੇ ਜੇਤੂ ਐਲਾਨਿਆ ਜਾਵੇਗਾ। (Asia Cup 2023 Final) (Asia Cup 2023)
ਅੱਠਵੀਂ ਵਾਰ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ:ਇੱਥੇ ਭਾਰਤ ਕੋਲ ਆਪਣੇ 5 ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦਾ ਮੌਕਾ ਹੋਵੇਗਾ, ਜਦਕਿ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਆਪਣੇ ਖਿਤਾਬ ਨੂੰ ਬਚਾਉਣ ਲਈ ਮੈਦਾਨ 'ਤੇ ਯਤਨ ਕਰੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਦੇ ਫਾਈਨਲ 'ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਖੇਡੇ ਗਏ 7 ਫਾਈਨਲ 'ਚੋਂ ਭਾਰਤ ਨੇ 4 'ਚ ਜਿੱਤ ਦਰਜ ਕੀਤੀ, ਜਦਕਿ ਸ਼੍ਰੀਲੰਕਾ ਨੂੰ 3 'ਚ ਸਫਲਤਾ ਮਿਲੀ।
ਟੂਰਨਾਮੈਂਟ ਵਿੱਚ ਭਾਰਤ ਦੇ ਟਾੱਪ ਸਕੋਰਰ ਅਤੇ ਗੇਂਦਬਾਜ: ਟੀਮ ਇੰਡੀਆ ਦੇ ਆਲਰਾਊਂਡਰ ਅਕਸ਼ਰ ਪਟੇਲ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਜਿਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਉਥੇ ਹੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਏਸ਼ੀਆ ਕੱਪ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਜਦਕਿ ਕੁਲਦੀਪ ਯਾਦਵ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਇਸ ਟੂਰਨਾਮੈਂਟ 'ਚ ਸ਼ੁਭਮਨ ਗਿੱਲ ਨੇ ਇੱਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ ਪੰਜ ਮੈਚਾਂ 'ਚ 275 ਸਕੋਰ ਬਣਾਏ ਹਨ। ਜਦਕਿ ਕੁਲਦੀਪ ਯਾਦਵ ਨੇ ਚਾਰ ਮੈਚਾਂ 'ਚ 9 ਵਿਕਟਾਂ ਹਾਸਲ ਕੀਤੀਆਂ ਹਨ।
ਸ਼੍ਰੀਲੰਕਾ ਵਲੋਂ ਸਮਰਾਵਿਕਰਮਾ ਦੇ ਨਾਂ ਸਭ ਤੋਂ ਜ਼ਿਆਦਾ ਦੌੜਾਂ:ਸ਼੍ਰੀਲੰਕਾ ਦੇ ਸਪਿਨਰ ਮਹਿਸ਼ ਤੀਕਸ਼ਾਨਾ ਸੱਟ ਕਾਰਨ ਫਾਈਨਲ ਤੋਂ ਬਾਹਰ ਹੋ ਗਏ ਹਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਤੀਕਸ਼ਾਨਾ ਦੀ ਸੱਟ ਬਾਰੇ ਇੱਕ ਅਪਡੇਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਤੀਕਸ਼ਾਨਾ ਫਾਈਨਲ ਲਈ ਉਪਲਬਧ ਨਹੀਂ ਹੋਵੇਗਾ। ਏਸ਼ੀਆ ਕੱਪ 2023 ਵਿੱਚ ਸ਼੍ਰੀਲੰਕਾ ਲਈ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਸਦਾਰਾ ਸਮਰਾਵਿਕਰਮਾ ਦੇ ਨਾਮ ਹੈ। ਜਦਕਿ ਸ਼੍ਰੀਲੰਕਾ ਲਈ ਮੈਥਿਸ਼ ਪਥੀਰਾਨਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਸਮਰਾਵਿਕਰਮਾ ਨੇ ਪੰਜ ਮੈਚਾਂ 'ਚ 215 ਦੌੜਾਂ ਬਣਾਈਆਂ ਤਾਂ ਮੈਥਿਸ਼ ਪਥੀਰਾਨਾ ਨੇ ਪੰਜ ਮੈਚਾਂ 'ਚ 11 ਵਿਕਟਾਂ ਹਾਸਲ ਕੀਤੀਆਂ ਹਨ।