ਨਵੀਂ ਦਿੱਲੀ : ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲ ਸਟਾਰ ਲਿਓਨੇਲ ਮੈਸੀ ਨੂੰ ਬਿਊਨਸ ਆਇਰਸ ਦੇ ਬਾਹਰਵਾਰ ਇਗੀਜ਼ਾ ਸ਼ਹਿਰ 'ਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਅਰਜਨਟੀਨਾ ਫੁਟਬਾਲ ਐਸੋਸੀਏਸ਼ਨ ਨੇ ਆਪਣੇ ਟਰੇਨਿੰਗ ਕੰਪਲੈਕਸ ਦਾ ਨਾਂ ਕੌਮੀ ਟੀਮ ਫੁਟਬਾਲ ਦੇ ਕਪਤਾਨ ਲਿਓਨੇਲ ਮੈਸੀ ਦੇ ਨਾਂ ’ਤੇ ਰੱਖਿਆ ਹੈ। ਇਗੀਜ਼ਾ ਵਿੱਚ ਸ਼ਨੀਵਾਰ 25 ਮਾਰਚ ਨੂੰ ਇੱਕ ਲਾਂਚਿੰਗ ਸਮਾਰੋਹ ਕਰਵਾਇਆ ਗਿਆ ਸੀ। ਇਹ ਐਲਾਨ ਅਰਜਨਟੀਨਾ ਫੁੱਟਬਾਲ ਸੰਘ ਦੇ ਪ੍ਰਧਾਨ ਕਲਾਉਡਿਓ ਤਾਪੀਆ ਨੇ ਕੀਤੀ।
ਅਰਜਨਟੀਨਾ ਫੁੱਟਬਾਲ ਸੰਘ ਦੇ ਪ੍ਰਧਾਨ ਕਲਾਉਡੀਓ ਤਾਪੀਆ ਨੇ ਲਾਂਚਿੰਗ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਵਿਸ਼ਵ ਚੈਂਪੀਅਨ ਦੇ ਘਰ ਤੁਹਾਡਾ ਸਵਾਗਤ ਹੈ। ਸਾਡੀਆਂ ਸਾਰੀਆਂ ਰਾਸ਼ਟਰੀ ਟੀਮਾਂ ਦੇ ਘਰ ਵਿੱਚ ਤੁਹਾਡਾ ਸਵਾਗਤ ਹੈ, ਜਿਨ੍ਹਾਂ ਨੇ ਅਰਜਨਟੀਨਾ ਦੇ ਫੁੱਟਬਾਲ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਮੀਡੀਆ ਏਜੰਸੀ ਦੀ ਰਿਪੋਰਟ ਮੁਤਾਬਕ ਕਲਾਉਡੀਓ ਤਾਪੀਆ ਨੇ ਸੰਕੇਤ ਦਿੱਤਾ ਹੈ ਕਿ ਹੁਣ ਸਾਈਟ 'ਤੇ ਇਕ ਨਵਾਂ ਸਪੋਰਟਸ ਹਾਊਸਿੰਗ ਕੰਪਲੈਕਸ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਨਾਂ ਸਟਾਰ ਫੁੱਟਬਾਲਰ ਲਿਓਨਲ ਮੈਸੀ ਦੇ ਨਾਂ 'ਤੇ ਰੱਖਿਆ ਜਾਵੇਗਾ। ਮੈਸੀ ਨੇ ਮਿਲੇ ਸਨਮਾਨ ਲਈ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੈਸੀ ਨੇ ਕਿਹਾ ਕਿ 'ਉਹ ਲਗਭਗ 20 ਸਾਲਾਂ ਤੋਂ ਇਸ ਸਾਈਟ 'ਤੇ ਆ ਰਿਹਾ ਹੈ ਅਤੇ ਇਸ ਸਾਈਟ 'ਤੇ ਉਸ ਨੂੰ ਨਵੀਂ ਊਰਜਾ ਮਿਲਦੀ ਹੈ'।