ਸਿਡਨੀ: ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਟੌਮ ਮੂਡੀ ਚੌਥੀ ਵਾਰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। Foxsports.com.au ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਸਮਝਿਆ ਜਾਂਦਾ ਹੈ ਕਿ ਸਾਬਕਾ ਵਿਸ਼ਵ ਕੱਪ ਜੇਤੂ ਅਤੇ ਹੁਣ ਮਸ਼ਹੂਰ ਕੋਚ ਦੀ ਨਜ਼ਰ ਭਾਰਤੀ ਟੀਮ ਦੇ ਕੋਚ ਅਹੁਦੇ 'ਤੇ ਹੈ। ਜੋ ਟੀ-20 ਵਿਸ਼ਵ ਕੱਪ ਤੋਂ ਬਾਅਦ ਰਵੀ ਸ਼ਾਸਤਰੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਖਾਲੀ ਹੋ ਰਿਹਾ ਹੈ।
ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਕ੍ਰਿਕਟ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ 56 ਸਾਲ ਦੇ ਮੂਡੀ ਪਿਛਲੇ ਦਿਨੀਂ ਭਾਰਤੀ ਟੀਮ ਦੇ ਕੋਚ ਬਣਨ ਵਿੱਚ ਦਿਲਚਸਪੀ ਦਿਖਾ ਚੁੱਕੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 2017 ਅਤੇ 2019 ਸਮੇਤ ਤਿੰਨ ਵਾਰ ਭਾਰਤੀ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਦੇ ਨਾਂ 'ਤੇ ਕਦੇ ਵਿਚਾਰ ਨਹੀਂ ਕੀਤਾ ਗਿਆ।
ਭਾਰਤੀ ਮੁੱਖ ਕੋਚ ਵਜੋਂ ਸ਼ਾਸਤਰੀ ਦਾ ਕਾਰਜਕਾਲ ਸਿਰਫ ਟੀ-20 ਵਿਸ਼ਵ ਕੱਪ ਤੱਕ ਹੀ ਹੈ। 59 ਸਾਲਾ ਸਾਬਕਾ ਕ੍ਰਿਕਟਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਐਕਸਟੈਨਸ਼ਨ ਦੀ ਮੰਗ ਨਹੀਂ ਕਰਨਗੇ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਹੁਣ ਨਵੇਂ ਕੋਚ ਦੀ ਤਲਾਸ਼ ਕਰ ਰਿਹਾ ਹੈ।
ਮੂਡੀ ਸਾਲ 2013 ਤੋਂ 2019 ਤੱਕ ਸਨਰਾਈਜ਼ਰਸ ਦੇ ਮੁੱਖ ਕੋਚ ਸਨ ਅਤੇ ਇਸ ਦੌਰਾਨ ਫ੍ਰੈਂਚਾਇਜ਼ੀ ਨੇ 2016 ਵਿੱਚ ਆਪਣਾ ਇਕਲੌਤਾ ਖਿਤਾਬ ਵੀ ਜਿੱਤਿਆ ਸੀ। ਉਸ ਸਮੇਂ ਮੂਡੀ ਦੇ ਹਮਵਤਨ ਡੇਵਿਡ ਵਾਰਨਰ ਉਸ ਦੇ ਕਪਤਾਨ ਸਨ।