ਨਵੀਂ ਦਿੱਲੀ:ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੇ 2011 'ਚ ਵਿਰਾਟ ਕੋਹਲੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਪਹਿਲੀ ਵਾਰ ਮਿਲੇ ਸਨ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਕਾਫੀ ਹੰਕਾਰੀ ਸੀ। ਡਿਵਿਲੀਅਰਸ 2011 ਵਿੱਚ ਆਰਸੀਬੀ ਵਿੱਚ ਸ਼ਾਮਲ ਹੋਏ ਅਤੇ ਕੋਹਲੀ ਦੇ ਨਾਲ ਚੰਗੇ ਸਬੰਧ ਬਣਾਏ। ਦੋਵੇਂ ਇੱਕ ਦਹਾਕੇ ਤੱਕ ਆਈਪੀਐਲ ਵਿੱਚ ਆਰਸੀਬੀ ਦੀ ਬੱਲੇਬਾਜ਼ੀ ਲਾਈਨ-ਅੱਪ ਦੇ ਮੁੱਖ ਆਧਾਰ ਬਣੇ।
ਡੀਵਿਲੀਅਰਸ ਨੇ ਨਵੰਬਰ 2022 ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਜਦੋਂ ਕਿ ਕੋਹਲੀ ਆਰਸੀਬੀ ਟੀਮ ਦੇ ਮੁੱਖ ਥੰਮ੍ਹ ਰਹੇ। ਡਿਵਿਲੀਅਰਸ ਨੇ ਆਰਸੀਬੀ ਪੋਡਕਾਸਟ ਵਿੱਚ ਕ੍ਰਿਸ ਗੇਲ ਨਾਲ ਗੱਲਬਾਤ ਵਿੱਚ ਕਿਹਾ ਕਿ ਮੈਂ ਇਹ ਸਵਾਲ ਪਹਿਲਾਂ ਵੀ ਸੁਣਿਆ ਹੈ। ਮੈਂ ਇਸ ਦਾ ਜਵਾਬ ਇਮਾਨਦਾਰੀ ਨਾਲ ਦੇਵਾਂਗਾ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ, ਤਾਂ ਮੈਨੂੰ ਲੱਗਾ ਕਿ ਉਹ ਬਹੁਤ ਹੰਕਾਰੀ ਅਤੇ ਬਹੁਤ ਭੜਕਾਊ ਸੀ। ਡਿਵਿਲੀਅਰਸ ਨੇ ਅੱਗੇ ਕਿਹਾ ਕਿ ਜਿਵੇਂ ਹੀ ਉਹ ਵਿਰਾਟ ਨੂੰ ਨੇੜਿਓਂ ਜਾਣਨ ਲੱਗਾ, ਉਨ੍ਹਾਂ ਦੀ ਧਾਰਨਾ ਤੁਰੰਤ ਬਦਲ ਗਈ।