ਨਿਊਯਾਰਕ: ਯੂਐਸ ਓਪਨ 2019 ਦੇ ਮਹਿਲਾ ਸਿੰਗਲਜ਼ ਫਾਈਨਲ ਮੁਕਾਬਲੇ ਵਿੱਚ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਜ਼ ਨੂੰ 19 ਸਾਲ ਦੀ ਕੈਨੇਡਾ ਦੀ ਬਿਆਨਕਾ ਐਂਡਰੀਸੂ ਨੇ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਬਿਆਨਕਾ ਯੂਐਸ ਓਪਨ ਖ਼ਿਤਾਬ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਮਹਿਲਾ ਖ਼ਿਡਾਰੀ ਬਣ ਗਈ ਹੈ।
ਬਿਆਨਕਾ ਨੇ ਫਾਈਨਲ ਮੁਕਾਬਲੇ ਵਿੱਚ ਸੇਰੇਨਾ ਨੂੰ ਸਿੱਧੇ ਸੈੱਟਾਂ ਵਿੱਚ 6-3, 7-5 ਨਾਲ ਹਰਾਇਆ। ਇਸ ਮੁਕਾਬਲੇ ਦੌਰਾਨ ਬਿਆਨਕਾ ਖ਼ੇਡ ਦੀ ਸ਼ੁਰੂਆਤ ਤੋਂ ਹੀ ਸੇਰੇਨਾ 'ਤੇ ਹਾਵੀ ਰਹੀ।
19 ਸਾਲਾ ਬਿਆਨਕਾ ਨੇ ਸੈਮੀਫਾਈਨਲ ਮੁਕਾਬਲੇ ਵਿੱਚ 12 ਵੀਂ ਦਰਜਾ ਪ੍ਰਾਪਤ ਸਵਿਸ ਖਿਡਾਰੀ ਬੇਲਿੰਡਾ ਬੇਨਕਿਕ ਨੂੰ 7-6, (7-3), 7-5 ਨਾਲ ਮਾਤ ਦਿੱਤੀ ਸੀ। ਉੱਥੇ ਹੀ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਯੂਕ੍ਰੇਨ ਦੀ ਐਲੇਨਾ ਸਵਿੱਤੋਲੀਨਾ ਨੂੰ 6-3, 6-1 ਨਾਲ ਹਰਾ ਕੇ ਯੂਐਸ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
ਦੱਸਣਯੋਗ ਹੈ ਕਿ ਸੇਰੇਨਾ ਛੇ ਵਾਰ ਯੂਐਸ ਓਪਨ ਦਾ ਖਿਤਾਬ ਜਿੱਤ ਚੁੱਕੀ ਹੈ। ਸੇਰੇਨਾ ਨੇ 2014 ਵਿੱਚ ਆਖਰੀ ਵਾਰ ਖਿਤਾਬ ਜਿੱਤਿਆ ਸੀ ਅਤੇ 2017 ਵਿੱਚ ਆਖਰੀ ਗ੍ਰੈਂਡ ਸਲੈਮ ਖਿਤਾਬ ਆਸਟਰੇਲੀਆਈ ਓਪਨ ਜਿੱਤਿਆ ਸੀ।