ਚੰਡੀਗੜ੍ਹ: ਪੰਜਾਬੀ ਗਾਇਕ 'ਤੇ ਅਦਾਕਾਰ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ-ਤੁਣਕਾ' ਦੀ ਹਰ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ। ਇਸ ਦੇ ਨਾਲ ਹੀ ਹੁਣ ਗਾਇਕ ਹਰਭਜਨ ਮਾਨ ਨੇ ਵੀ ਫੇਸਬੁੱਕ 'ਤੇ ਲੰਬੀ ਚੌੜੀ ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ' ਗੀਤ ਹਰੇਕ ਬੰਦੇ ਨੂੰ ਆਪਣਾ ਹੀ ਲੱਗਦਾ ਹੈ। ਇਨ੍ਹਾਂ ਗੀਤਾਂ ਨਾਲ ਹਰਦੀਪ ਗਰੇਵਾਲ ਪੇਡੂ ਚੋਬਰਾਂ ਦਾ ਪ੍ਰੇਰਨਾ ਸਰੋਤ ਬਣ ਗਿਆ ਹੈ। ਸਾਲ 2017 'ਇਸਨੇ ਆਪਣਾ ਸਰੀਰ ਤੋੜਨਾ ਸ਼ੁਰੂ ਕੀਤਾ, ਲਿੱਸਾ ਹੋਇਆ, ਰੋਟੀ ਪਾਣੀ ਛੱਡਿਆ ਅਤੇ ਫਿਰ ਮਿਹਨਤ ਕਰਕੇ ਸਰੀਰ ਬਣਾਇਆ। ਇਸ ਦੇ ਨਾਲ ਹੀ ਸਾਇਕਲਿੰਗ ਵੀ ਸਿੱਖੀ।''
ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲਿਖਿਆ ਕਿ ''ਹਰਦੀਪ ਗਰੇਵਾਲ ਦੀ ਤੁਲਨਾ ਆਮਿਰ ਖ਼ਾਨ ਨਾਲ ਕੀਤੀ ਜਾ ਰਹੀ ਹੈ ਪਰ ਅਸਲ 'ਚ ਇਹ ਘਾਲਣਾ/ਸ਼ੰਘਰਸ਼/ਤੁਲਨਾ ਆਮਿਰ ਖ਼ਾਨ ਤੋਂ ਵੀ ਕਿਤੇ ਵੱਡੀ ਹੈ। ਆਮਿਰ ਖ਼ਾਨ ਸਥਾਪਿਤ ਅਦਾਕਾਰ ਹੋਣ ਕਰਕੇ ਇਹ ਰਿਸਕ ਲੈ ਸਕਦਾ ਸੀ ਪਰ ਹਰਦੀਪ ਗਰੇਵਾਲ ਫ਼ਿਲਮਾਂ ਲਈ ਨਵਾਂ ਕਲਾਕਾਰ ਹੈ। ਇਸ ਜਵਾਨ ਨੇ ਪਹਿਲੀ ਫ਼ਿਲਮ ਨੂੰ ਹੀ 3-4 ਸਾਲ ਸਮਰਪਿਤ ਕਰ ਹਨ। ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਤੋਂ ਹਰਦੀਪ ਇਕੱਲਾ ਹੀ ਸੋਸ਼ਲ ਮੀਡੀਆ ਇੰਸਟਾ, ਫੇਸਬੁੱਕ, ਯੂਟਿਊਬ 'ਤੇ ਆਪਣੀ ਫ਼ਿਲਮ ਨੂੰ ਪਰਮੋਟ ਕਰ ਰਿਹਾ। ਕਿਸੇ ਹੋਰ ਕਲਾਕਾਰ ਨੇ ਉਸਦੀ ਸਟੋਰੀ, ਪੋਸਟਰ, ਗੀਤ ਸ਼ੇਅਰ ਨਹੀਂ ਕੀਤਾ। ਜਿਸ ਕਰਕੇ ਮੈਂ ਮੇਰੇ ਭਰਾ ਦੀ ਦਿਲੋਂ ਸਲਾਘਾ ਕਰਦਾ ਹਾਂ ਕਿ ਇੰਨ੍ਹੀ ਮਿਹਨਤ ਅਤੇ ਪੈਸਾ ਲਾ ਕੇ ਇਹ ਫ਼ਿਲਮ ਬਣਾਈ ਹੈ ਜਿਸ ਦੇ ਚੰਗੇ ਕੰਮ ਦੀ ਮੈਂ ਵਾਰ-ਵਾਰ ਸਿਫ਼ਤ ਕਰਨੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਰਲ ਮਿਲਕੇ ਫ਼ਿਲਮ ਦੀ ਚਰਚਾ ਕਰੀਏ । ਨੇੜਲੇ ਸਿਨੇਮਿਆਂ 'ਚ ਆਪਣੇ ਪਰਿਵਾਰਾਂ ਸਮੇਤ ਇਸ ਫਿਲਮ ਨੂੰ ਦੇਖਣ ਜਾਈਏ। ਚੜ੍ਹਦੀ ਕਲਾ.....