ਹੈਦਰਾਬਾਦ: ਟੀਵੀ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਿਸ ਕਾਰਨ ਟੀਵੀ ਜਗਤ ਅਤੇ ਬਾਲੀਵੁੱਡ ਚ ਸਿਤਾਰੇ ਸਦਮੇ ਚ ਆ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਹੈ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਲੋਕਾਂ ਦੇ ਬਿਆਨ ਲਏ ਜਾਣਗੇ। ਮੁੰਬਈ ਪੁਲਿਸ ਦੀ ਟੀਮ ਕੁਪਰ ਹਸਪਤਾਲ ’ਚ ਹੈ। ਅਦਾਕਾਰ ਸਿਧਾਰਥ ਦੀ ਭੈਣ ਅਤੇ ਜੀਜਾ ਵੀ ਹਸਪਤਾਲ ’ਚ ਹਨ।
ਸਿਧਾਰਥ ਸ਼ੁਕਲਾ ਨੂੰ ਗਲੇਡ੍ਰੈਗਸ ਮੈਨਹੰਟ ਦੁਆਰਾ ਵਿਸ਼ਵ ਦਾ ਸਰਬੋਤਮ ਮਾਡਲ ਪੁਰਸਕਾਰ (2005) ਮਿਲਿਆ। ਉਨ੍ਹਾਂ ਨੂੰ ਟੀਵੀ ਸ਼ੋਅ ਬਾਲਿਕਾ ਵਧੂ ਦਾ ਪ੍ਰਸਿੱਧ ਚਿਹਰਾ ਹੋਣ ਦੇ ਕਾਰਨ ਗੋਲਡਨ ਪੇਟਲ ਅਵਾਰਡ (2012) ਮਿਲਿਆ ਸੀ। ਟੀਵੀ ਸ਼ੋਅ ਬਾਲਿਕਾ ਵਧੂ ਲਈ 2013 ਵਿੱਚ ਆਈਟੀਏ ਦੁਆਰਾ ਸਿਧਾਰਥ ਨੂੰ ਸਾਲ ਦਾ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਸੀ।
ਸਿਧਾਰਥ ਆਪਣੇ ਲੰਮੇ ਕੱਦ ਅਤੇ ਖੂਬਸੂਰਤੀ ਲਈ ਮਸ਼ਹੂਰ ਸੀ। ਸਿਧਾਰਥ ਨੇ ਕਈ ਟੀਵੀ ਅਤੇ ਵੈਬ ਸ਼ੋਅ ਵਿੱਚ ਕੰਮ ਕੀਤਾ। ਅਦਾਕਾਰ ਬਣਨ ਤੋਂ ਪਹਿਲਾਂ ਸਿਧਾਰਥ ਇੱਕ ਇੰਟੀਰੀਅਰ ਡਿਜ਼ਾਈਨਰ ਸੀ।
ਐਕਟਿੰਗ ਤੋਂ ਪਹਿਲਾਂ ਕਰਦੇ ਸੀ ਇਹ ਕੰਮ
12 ਦਸੰਬਰ 1980 ਨੂੰ ਮੁੰਬਈ ਚ ਜਨਮੇ ਸਿਧਾਰਥ ਸ਼ੁਕਲਾ ਮਾਡਲਿੰਗ ਕਰਨ ਤੋਂ ਪਹਿਲਾਂ ਬਤੌਰ ਇੰਟੀਰੀਅਰ ਡਿਜਾਈਨਰ ਕੰਮ ਕਰਦੇ ਸੀ। ਉੱਥੇ ਹੀ ਟੀਵੀ ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਥਾਂ ਮਾਡਲਿੰਗ ਕੀਤੀ। ਸਾਲ 2008 ਚ ਸਿਧਾਰਥ ਨੇ ਟੀਵੀ ਸੀਰੀਅਲ ਬਾਬੁਲ ਦਾ ਆਂਗਨ ਛੂਟੇ ਨਾ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਸੀਰੀਅਲ ਚ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਇਨ੍ਹਾਂ ਸ਼ੋਅ ’ਚ ਕੀਤਾ ਸੀ ਕੰਮ
ਸਾਲ 2009 ਵਿੱਚ, ਸਿਧਾਰਥ ਨੇ ਟੀਵੀ ਸੀਰੀਅਲ 'ਜਾਨੇ- ਪਹਿਚਾਣੇ ਸੇ ... ਯੇ ਅਜਨਬੀ', 'ਆਹਟ' (2010), 'ਲਵ ਯੂ ਜ਼ਿੰਦਗੀ' ਅਤੇ 'ਸੀਆਈਡੀ' (2011) ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਹ ਮਸ਼ਹੂਰ ਟੀਵੀ ਸੀਰੀਅਲ 'ਬਾਲਿਕਾ ਵਧੂ' (2012-15) ਵਿੱਚ ਨਜ਼ਰ ਆਏ। ਸਿਧਾਰਥ ਨੂੰ ਇਸ ਸੀਰੀਅਲ ਤੋਂ ਘਰ-ਘਰ ’ਚ ਪਛਾਣ ਮਿਲੀ। ਉਨ੍ਹਾਂ ਨੂੰ 2015 ਵਿੱਚ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ ਲਈ ਸਟਾਰਡਸਟ ਅਵਾਰਡ ਮਿਲਿਆ ਸੀ।