ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ 27 ਨਵੰਬਰ ਨੂੰ 27 ਸਾਲਾਂ ਦੀ ਹੋ ਗਈ ਹੈ। ਹਿਮਾਂਸ਼ੀ ਖੁਰਾਣਾ ਇੱਕ ਅਜਿਹੀ ਮਾਡਲ ਹੈ ਜੋ ਜ਼ਿਆਦਾਤਰ ਪੰਜਾਬ ਦੇ ਮਸ਼ਹੂਰ ਗੀਤਾਂ ਦੇ ਵਿੱਚ ਨਜ਼ਰ ਆਈ ਹੈ। ਫ਼ਿਰ ਭਾਵੇਂ ਉਹ ਐਮੀ ਵਿਰਕ ਦਾ ਗੀਤ 'ਤਾਰਾ' ਹੋਵੇ ਜਾਂ ਫ਼ੇਰ ਮਨਕੀਰਤ ਔਲਖ ਦਾ ਗੀਤ 'ਮਿੱਠੀਆਂ ਗੱਲਾਂ' ਹੋਵੇ। ਆਪਣੇ ਐਕਸਪ੍ਰੇਸ਼ਨਸ ਦੇ ਨਾਲ ਹਿਮਾਂਸ਼ੀ ਨੇ ਗੀਤਾਂ ਦੇ ਵਿੱਚ ਜਾਨ ਪਾਈ ਹੈ।
ਹੋਰ ਪੜ੍ਹੋ:ਈਟੀਵੀ ਭਾਰਤ ਨਾਲ ਕਾਮੇਡੀਅਨ ਚੰਦਨ ਪ੍ਰਭਾਕਰ ਦੀ ਖਾਸ ਗੱਲਬਾਤ
ਆਪਣੇ ਕੰਮ ਨਾਲ ਤਾਂ ਉਸ ਨੇ ਨਾਂਅ ਅਤੇ ਸ਼ੌਹਰਤ ਕਮਾਇਆ ਹੀ, ਇਸ ਤੋਂ ਇਲਾਵਾ ਉਸ ਨੇ ਗਾਇਕੀ ਵੱਲ ਵੀ ਰੁੱਖ਼ ਕੀਤਾ। ਸਾਲ 2018 ਵਿੱਚ ਹਿਮਾਂਸ਼ੀ ਖੁਰਾਣਾ ਦਾ ਪਹਿਲਾ ਗੀਤ 'ਹਾਈ ਸਟੈਂਡਰਡ' ਰੀਲੀਜ਼ ਹੋਇਆ। ਇਸ ਗੀਤ ਨੂੰ ਉਸ ਦੇ ਫ਼ੈਨਜ ਨੇ ਬਹੁਤ ਪਸੰਦ ਕੀਤਾ। ਹੁਣ ਤੱਕ ਉਸ ਦੇ 2 ਗੀਤ ਆ ਚੁੱਕੇ ਹਨ।
ਹਿਮਾਂਸ਼ੀ ਖੁਰਾਣਾ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਿਕਾ ਵੀ ਹੈ। ਦੱਸ ਦੇਈਏ ਕਿ ਇਸ ਸਾਲ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਹਿਮਾਂਸ਼ੀ ਨੇ ਖਾਲਸਾ ਏਡ ਸੰਸਥਾ ਦੇ ਨਾਲ ਮਿਲ ਕੇ ਲੋਕਾਂ ਦੀ ਮਦਦ ਵੀ ਕੀਤੀ ਸੀ।
ਇੱਕ ਪਾਸੇ ਉਸ ਵੱਲੋਂ ਕੀਤੇ ਇਸ ਕੰਮ ਦੀ ਲੋਕਾਂ ਨੇ ਸ਼ਲਾਘਾ ਕੀਤੀ ਸੀ। ਉੱਥੇ ਹੀ, ਦੂਜੇ ਪਾਸੇ ਜਦੋਂ ਹਿਮਾਂਸ਼ੀ ਅਤੇ ਸ਼ਹਿਨਾਜ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਸ਼ਬਦੀਵਾਰ ਕਾਰਨ ਉਸ ਦੀ ਆਲੋਚਨਾ ਵੀ ਹੋਈ ਸੀ।
ਕਈ ਮਨੋਰੰਜਨ ਜਗਤ ਦੇ ਮਾਹਿਰ ਇਹ ਆਖਦੇ ਹਨ ਕਿ ਇਹ ਵਿਵਾਦ ਹੀ ਹਿਮਾਂਸ਼ੀ ਅਤੇ ਸ਼ਹਿਨਾਜ ਨੂੰ ਬਿਗ ਬੌਸ ਦੇ ਘਰ ਲੈ ਕੇ ਗਿਆ ਹੈ। ਇੰਨ੍ਹਾਂ ਦੋਹਾਂ ਵਿੱਚੋਂ ਕੌਣ ਬਿਗ ਬੌਸ ਸੀਜ਼ਨ 13 ਦੇ ਅੰਤ ਤੱਕ ਜਾਂਦਾ ਹੈ ਇਹ ਵੇਖਣਾ ਦਿਲਚਸਪ ਹੋਵੇਗਾ।