ਚੰਡੀਗੜ੍ਹ: ਪੰਜਾਬ ਦੀ ਬੁਲੰਦ ਆਵਾਜ਼ ਭਾਵ ਬਲਕਾਰ ਸਿੱਧੂ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ 'ਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ। ਬਲਕਾਰ ਸਿੱਧੂ ਦਾ ਵਿਆਹ ਦਲਜਿੰਦਰ ਕੌਰ ਨਾਲ ਹੋਇਆ, ਜਿਸ ਤੋਂ ਬਾਅਦ ਇਨ੍ਹਾਂ ਦੇ ਘਰ ਦੋ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ।
ਪਰਿਵਾਰ ਤੋਂ ਮਿਲੀ ਗਾਇਕੀ ਦੀ ਗੁੜਤੀ
ਬਲਕਾਰ ਸਿੱਧੂ ਦੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ 'ਚ ਹੀ ਹੋ ਗਈ ਸੀ। ਬਲਕਾਰ ਸਿੱਧੂ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ। ਬਲਕਾਰ ਸਿੱਧੂ ਦੇ ਚਾਚਾ ਗੁਰਬਖਸ਼ ਸਿੰਘ ਰੰਗੀਲਾ ਇਕ ਮਸ਼ਹੂਰ ਢਾਡੀ ਸੀ। ਉਨ੍ਹਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ, ਚਰਖੇ ਦੀ ਗੱਲ ਕਰਕੇ ਸੱਭਿਆਚਾਰ ਦੇ ਨਾਲ-ਨਾਲ ਪੰਜਾਬ ਦੀਆਂ ਹਵਾਵਾਂ 'ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਇਸ ਗੀਤ ਨਾਲ ਮਿਲੀ ਸੀ ਪ੍ਰਸਿੱਧੀ
ਬਲਕਾਰ ਸਿੱਧੂ ਨੂੰ ਸੰਗੀਤ ਜਗਤ 'ਚ 'ਮਾਝੇ ਦੀਏ ਮੋਮਬੱਤੀਏ' ਨਾਲ ਪ੍ਰਸਿੱਧੀ ਮਿਲੀ ਸੀ। ਕਰੀਬ ਇੱਕ ਦਹਾਕਾ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ' ਵਾਲਾ ਗੀਤ ਹੋਵੇ ਜਾਂ ਫਿਰ 'ਮੇਰੇ ਸਾਹਾਂ ਵਿਚ ਤੇਰੀ ਖੁਸ਼ਬੂ ਚੰਨ ਵੇ' ਇਨ੍ਹਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ 'ਚ ਮੱਲਾਂ ਮਾਰੀਆਂ ਹਨ, ਉੱਥੇ ਇਸ ਗਾਇਕ ਨੇ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਕਮਾਲ ਦਿਖਾਇਆ। 'ਦੇਸੀ ਮੁੰਡੇ' ਫਿਲਮ ਰਾਹੀਂ ਬਲਕਾਰ ਸਿੱਧੂ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ।