ਮੁੰਬਈ: ਟੀਵੀ ਦੀ ਦੁਨੀਆ 'ਚ ਆਪਣੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਸ਼ਹਿਬਾਜ਼ ਖ਼ਾਨ ਮੁਸ਼ਕਲਾਂ 'ਚ ਫ਼ਸਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਦੇ ਵਿਰੁੱਧ ਛੇੜਛਾੜ ਦੇ ਮਾਮਲੇ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਊਜ਼ ਏਜੰਸੀ ਏਐਨਆਈ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ, ਜਿਸ ਮੁਤਾਬਕ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਧਾਰਾ 354 ਅਤੇ 509 ਦੇ ਤਹਿਤ ਐਫ਼ਆਈਆਰ ਦਰਜ ਕਰਾਈ ਗਈ ਹੈ।
ਸ਼ਹਿਬਾਜ਼ ਖ਼ਾਨ ਦੇ ਵਿਰੁੱਧ ਇੱਕ ਔਰਤ ਦੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਬਾਜ਼ ਫ਼ਿਲਮ ਅਤੇ ਟੀਵੀ ਇੰਡਸਟਰੀ ਦਾ ਮਸ਼ਹੂਰ ਨਾਂਅ ਹੈ।
ਉਨ੍ਹਾਂ ਨੇ 'ਚੰਦਰਕਾਂਤਾ' ,'ਬੈਤਾਲ ਪਚੀਸੀ', 'ਦਿ ਗ੍ਰੇਟ ਮਰਾਠਾ' ਵਰਗੇ ਨਾਟਕਾਂ 'ਚ ਅਹਿਮ ਕਿਰਦਾਰ ਨਿਭਾਏ ਹਨ। ਸ਼ਹਿਬਾਜ਼ ਖ਼ਾਨ ਨੇ ਨਾਟਕ 'ਟੀਪੂ ਸੁਲਤਾਨ' 'ਚ ਹੈਦਰ ਅਲੀ ਦਾ ਕਿਰਦਾਰ ਨਿਭਾਇਆ ਸੀ, ਜੋ ਕਾਫ਼ੀ ਪ੍ਰਸਿੱਧ ਹੋਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵਿਰੁੱਧ ਛੇੜਛਾੜ ਦੇ ਗੰਭੀਰ ਦੋਸ਼ ਲਗੇ ਹਨ।