ਮਾਨਸਾ: ਪੰਜਾਬੀ ਸਾਹਿਤ ਦੀ ਮਾਂ ਦਲੀਪ ਕੌਰ ਟਿਵਾਣਾ ਅਤੇ ਬਾਬਾ ਬੌਹੜ ਜਸਵੰਤ ਕੰਵਲ ਦੇ ਦੇਹਾਂਤ ਤੋ ਬਾਅਦ ਪੰਜਾਬ ਦੇ ਕਈ ਸਾਹਿਤਕਾਰ ਉਨ੍ਹਾਂ ਨੂੰ ਲੈ ਕੇ ਆਪਣੇ ਵਿਚਾਰ ਮੀਡੀਆ ਅੱਗੇ ਪੇਸ਼ ਕਰ ਰਹੇ ਹਨ। ਇਸ ਸਬੰਧੀ ਮਾਨਸਾ ਦੇ ਸਾਹਿਤਕਾਰ ਗੁਰਪ੍ਰੀਤ ਸਿੰਘ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੋਹਾਂ ਹਸਤੀਆਂ ਦੇ ਜੀਵਨ ਬਾਰੇ, ਲਿਖਤਾਂ ਬਾਰੇ ਅਤੇ ਸਮਾਜ ਵਿੱਚ ਉਨ੍ਹਾਂ ਲਿਖਤਾਂ ਦਾ ਕੀ ਪ੍ਰਭਾਵ ਪਿਆ ਹੈ,ਇਸ ਬਾਰੇ ਉਨ੍ਹਾਂ ਆਪਣੇ ਵਿਚਾਰ ਦੱਸੇ।
ਲੇਖਕ ਦਾ ਦੇਹਾਂਤ ਭਾਵ ਪੁਸਤਕ ਵਿੱਚ ਜਨਮ
ਸਾਹਿਤਕਾਰ ਗੁਰਪ੍ਰੀਤ ਸਿੰਘ ਨੇ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਕੰਵਲ ਬਾਰੇ ਵਿਚਾਰ ਦੱਸਦਿਆਂ ਕਿਹਾ ਕਿ ਜਦੋਂ ਕੋਈ ਲੇਖਕ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਉਸ ਦਾ ਜਨਮ ਕਿਤਾਬ ਵਿੱਚ ਹੋ ਜਾਂਦਾ ਹੈ। ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਦੋਵੇਂ ਸਾਹਿਤਕਾਰਾਂ ਨੇ ਪੰਜਾਬ ਨੂੰ ਆਪਣੀਆਂ ਲਿਖਤਾਂ ਨਾਲ ਸਿਰਜਿਆ ਹੈ।
ਰਾਤ ਬਾਕੀ ਹੈ ਨਾਵਲ ਨੇ ਲਿਆਂਦਾ ਬਦਲਾਅ
ਜਸਵੰਤ ਸਿੰਘ ਕੰਵਲ ਇੱਕ ਅਜਿਹੇ ਲੇਖਕ ਸਨ ਜੋ ਸਰਕਾਰ ਖ਼ਿਲਾਫ ਬੋਲਣ ਤੋ ਬਿਲਕੁਲ ਵੀ ਗੁਰੇਜ਼ ਨਹੀਂ ਸੀ ਕਰਦੇ। ਸਾਹਿਤਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਦੀ ਨਾਵਲ 'ਰਾਤ ਬਾਕੀ ਹੈ' ਨੇ ਸਮਾਜ 'ਚ ਬਦਲਾਅ ਲਿਆਉਣ 'ਚ ਕਾਮਯਾਬ ਰਹੀ ਹੈ।
ਔਰਤ ਮਨ ਦੀ ਗੱਲ ਕਰਦੀ ਸੀ ਦਲੀਪ ਕੌਰ ਟਿਵਾਣਾ
ਦਲੀਪ ਕੌਰ ਟਿਵਾਣਾ ਇੱਕ ਅਜਿਹੀ ਸਾਹਿਤਕਾਰ ਰਹੀ ਹੈ ਜਿਸਨੇ ਹਮੇਸ਼ਾ ਮਜ਼ਲੂਮ ਔਰਤਾਂ ਦੇ ਹੱਕ ਦੀ ਗੱਲ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ 'ਏਹੁ ਹਮਾਰਾ ਜੀਵਣਾ' ਦਲੀਪ ਕੌਰ ਟਿਵਾਣਾ ਵੱਲੋਂ ਲਿਖਿਆ ਨਾਵਲ ਖ਼ੂਬ ਮਕਬੂਲ ਹੋਇਆ। ਉਨ੍ਹਾਂ ਕਿਹਾ ਕਿ ਔਰਤਾਂ ਦੇ ਦੁੱਖ-ਸੁੱਖ ਤੋਂ ਇਲਾਵਾ ਟਿਵਾਣਾ ਸਮਾਜ ਦੇ ਹਿੱਤਾਂ ਦੀ ਗੱਲ ਕਰਦੀ ਰਹੀ ਹੈ।
ਪਦਮ ਸ੍ਰੀ ਵਾਪਿਸ ਕਰਨਾ ਇੱਕ ਚੰਗਾ ਕਦਮ
2004 ਵਿੱਚ ਦਲੀਪ ਕੌਰ ਟਿਵਾਣਾ ਨੂੰ ਪਦਮ ਸ੍ਰੀ ਮਿਲਿਆ ਸੀ ਪਰ ਉਹ ਉਨ੍ਹਾਂ ਨੇ ਸਰਕਾਰ ਨੂੰ ਵਾਪਿਸ ਮੋੜ ਦਿੱਤਾ ਸੀ। ਉਨ੍ਹਾਂ ਦੇ ਇਸ ਕਦਮ 'ਤੇ ਸਾਹਿਤਕਾਰ ਗੁਰਪ੍ਰੀਤ ਆਖਦੇ ਨੇ ਲੇਖਕ ਉਹ ਹੁੰਦਾ ਹੈ ਜੋ ਲੋਕਾਂ ਦੀ ਆਵਾਜ਼ ਬਣੇ। ਉਨ੍ਹਾਂ ਨੂੰ ਵੱਡੇ ਇਨਾਮਾਂ ਦਾ ਕੋਈ ਸ਼ੌਕ ਨਹੀਂ ਹੁੰਦਾ। ਦਲੀਪ ਕੌਰ ਟਿਵਾਣਾ ਲੋਕ-ਮੁੱਦਿਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸਾਹਿਤਕਾਰ ਸੀ ਇਸੇ ਕਰਕੇ ਉਨ੍ਹਾਂ ਨੇ ਆਪਣਾ ਇਨਾਮ ਵਾਪਿਸ ਕਰ ਦਿੱਤਾ।
ਲਿਖਤਾਂ ਨੂੰ ਮਿਲਣੀ ਚਾਹੀਦੀ ਹੈ ਤਰਜੀਹ
ਸਾਹਿਤਕਾਰ ਗੁਰਪ੍ਰੀਤ ਮੁਤਾਬਕ ਦੋਹਾਂ ਸਾਹਿਤਕਾਰਾਂ ਲਈ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਦੋਹਾਂ ਦੀਆਂ ਲਿਖਤਾਂ ਨੂੰ ਸਕੂਲਾਂ ਵਿੱਚ ਚੰਗੇ ਤਰੀਕੇ ਦੇ ਨਾਲ ਪੜ੍ਹਾਇਆ ਜਾਵੇ ਤਾਂ ਜੋ ਨੌਜਵਾਨ ਪੀੜੀ ਸਾਹਿਤ ਨਾਲ ਜੁੜ ਸਕੇ।