ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਆਪਣੇ ਪਿੰਡ ਖੰਟ ਮਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਆਪਣੀ ਨਿੱਜੀ ਜ਼ਮੀਨ ਵਿੱਚ ਫੈਨ ਕਾਲੋਨੀ ਬਣਾਉਣ ਦਾ ਐਲਾਨ ਕੀਤਾ ਹੈ। ਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਬਣਨ ਵਾਲੀ ਇਸ ਫੈਨ ਕਾਲੋਨੀ ਵਿੱਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਬੇਘਰ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ। ਬੱਬੂ ਮਾਨ ਦੇ ਇਸ ਐਲਾਨ ਤੋਂ ਬਾਅਦ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ।
ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਬੱਬੂ ਮਾਨ, ਕੀਤਾ ਇਹ ਵੱਡਾ ਐਲਾਨ - Babu Mann song about kartarpur langha
ਗਾਇਕ ਬੱਬੂ ਮਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਅਹਿਮ ਐਲਾਨ ਕੀਤਾ ਗਿਆ ਹੈ, ਉਨ੍ਹਾਂ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਆਪਣੀ ਨਿੱਜੀ ਜ਼ਮੀਨ ਵਿੱਚ ਫੈਨ ਕਾਲੋਨੀ ਬਣਾਉਣ ਦਾ ਐਲਾਨ ਕੀਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੈਨ ਕਾਲੋਨੀ ਵਿੱਚ ਹਰ ਪ੍ਰਕਾਰ ਦੀ ਸੁਵਿਧਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਦੇ ਤਹਿਤ ਫ਼ਲਦਾਰ ਅਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ। ਇਸ ਨਾਲ ਕਾਲੋਨੀ ਦਾ ਵਾਤਾਵਰਨ ਹਰਾ ਭਰਾ ਰਹੇਗਾ। ਉੱਥੇ ਹੀ ਪਿੰਡ ਦੇ ਸਰਪੰਚ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਕਾਲੋਨੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਵੇਗੀ। ਸਰਪੰਚ ਬਲਬੀਰ ਸਿੰਘ ਨੇ ਬੱਬੂ ਮਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੱਬੂ ਮਾਨ ਨੇ ਕਰਤਾਰਪੁਰ ਲਾਂਘੇ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗੀਤ ਵੀ ਦਰਸ਼ਕਾਂ ਦੇ ਸਨਮੁੱਖ ਕੀਤਾ ਸੀ। ਇਸ ਗੀਤ ਦੇ ਬੋਲ ਇਹ ਸਨ ਇੱਕ ਲਾਂਘਾ ਤਾਂ ਖੋਲ ਦਿੱਤਾ ਹੈ, ਹੁਣ ਬਾਕੀ ਵੀ ਤੁਸੀਂ ਖੋਲ ਦਿਓ ਮੈਂ ਬੋਲਦਾ ਹਾਂ ਅਲਾ ਹੂ 'ਤੇ ਤੁਸੀਂ ਵਾਹਿਗੁਰੂ ਬੋਲ ਦਿਓ।