ਮੁੰਬਈ: ਫਿਲਮ 'ਮੈਂ ਮੁਲਾਇਮ ਸਿੰਘ ਯਾਦਵ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫਿਲਮ ਦੇ ਸਿਰਲੇਖ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਰਾਜਨੀਤੀ 'ਚ ਇੱਕ ਮਜ਼ਬੂਤ ਨੇਤਾ ਵਜੋਂ ਪਹਿਚਾਣ ਬਣਾਉਣ ਵਾਲੇ ਮੁਲਾਇਮ ਸਿੰਘ ਯਾਦਵ ਦੀ ਬਾਇਓਪਿਕ ਹੈ।
ਐਮ.ਐਸ. ਫਿਲਮਸ ਐਂਡ ਪ੍ਰੋਡਕਸ਼ਨਸ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਅਮਿਤ ਸੇਠੀ ਦਿੱਗਜ ਰਾਜਨੇਤਾ ਮੁਲਾਇਮ ਸਿੰਘ ਯਾਦਵ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿੱਚ ਮੁਲਾਇਮ ਸਿੰਘ ਨੂੰ ਪਹਿਲਵਾਨ, ਇੱਕ ਅਧਿਆਪਕ ਅਤੇ ਫਿਰ ਇੱਕ ਕਿਸਾਨ ਦੇ ਪੁੱਤਰ ਤੋਂ ਇੱਕ ਉੱਘੇ ਰਾਜਨੇਤਾ ਵਜੋਂ ਵੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਰੋਮਾਂਚਕ ਹੋਣ ਵਾਲਾ ਹੈ।
ਫਿਲਮ ਵਿੱਚ ਅਮਿਤ ਸੇਠੀ, ਮਿਮੋਹ ਚੱਕਰਵਰਤੀ, ਗੋਵਿੰਦ ਨਾਮਦੇਵ, ਮੁਕੇਸ਼ ਤਿਵਾੜੀ, ਜ਼ਰੀਨਾ ਵਹਾਬ ਅਤੇ ਸੁਪ੍ਰਿਆ ਕਰਨਿਕ ਅਹਿਮ ਭੂਮਿਕਾਵਾਂ ਨਿਭਾਉਣਗੇ। ਬੰਗਾਲੀ ਨਿਰਦੇਸ਼ਕ ਸੁਵੇਂਦੂ ਰਾਜ ਘੋਸ਼ ਦੇ ਨਿਰਦੇਸ਼ਨ ਵਿੱਚ ਇਹ 2 ਅਕਤੂਬਰ, 2020 ਨੂੰ ਰਿਲੀਜ਼ ਹੋਣ ਦੀ ਉਮੀਦ ਹੈ।
ਮੁਲਾਇਮ ਸਿੰਘ ਯਾਦਵ ਦੀ ਰਾਜਨੀਤਿਕ ਪਾਰੀ ਬਾਰੇ ਗੱਲ ਕਰੀਏ ਤਾਂ ਉਹ 1960 ਵਿੱਚ ਹੀ ਸਰਗਰਮ ਰਾਜਨੀਤੀ ਵਿੱਚ ਦਾਖਲ ਹੋ ਗਏ ਸੀ। ਬਾਅਦ ਵਿੱਚ, ਮਨੋਹਰ ਲੋਹੀਆ ਦੀ ਸੋਚ ਨੂੰ ਅੱਗੇ ਵਧਾਉਂਦਿਆਂ, ਉਨ੍ਹਾਂ ਸਮਾਜਵਾਦ ਦਾ ਵਿਸਥਾਰ ਕੀਤਾ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਉੱਚਾ ਕਰ ਲਿਆ।
ਦੱਸ ਦੇਈਏ ਕਿ ਮੁਲਾਇਮ ਸਿੰਘ ਯਾਦਵ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਹਨ।