ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਰਿਆ ਚੱਕਰਵਰਤੀ ਤੋਂ ਆਪਣੇ ਪੁੱਤਰ ਦੇ ਇਲਾਜ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ਦਾ ਖ਼ੁਲਾਸਾ ਵਾਟਸਐਪ ਦੇ ਮੈਸੇਜ ਤੋਂ ਹੋਇਆ, ਜੋ ਉਨ੍ਹਾਂ ਨੇ ਮੀਡੀਆ ਨਾਲ ਸਾਂਝੇ ਕੀਤੇ ਹਨ।
ਹਾਲਾਂਕਿ ਅਦਾਕਾਰ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਸ਼ੱਕੀ ਰਿਆ ਚੱਕਰਵਰਤੀ ਨੇ ਉਨ੍ਹਾਂ ਦੇ ਮੈਸੇਜ ਦਾ ਜਵਾਬ ਨਹੀਂ ਦਿੱਤਾ। ਰਿਆ ਤੋਂ ਇਲਾਵਾ ਸੁਸ਼ਾਂਤ ਦੇ ਪਿਤਾ ਨੇ ਅਦਾਕਾਰ ਦੇ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਦਾ ਰਿਪਲਾਈ ਨਹੀਂ ਕੀਤਾ। ਬੀਤੀ 25 ਜੁਲਾਈ ਨੂੰ ਪਟਨਾ ਪੁਲਿਸ ਸਟੇਸ਼ਨ ਵਿੱਚ ਕੇ.ਕੇ ਸਿੰਘ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਮੋਦੀ ਵੀ ਸਹਿ-ਮੁਲਜ਼ਮ ਹੈ। ਉੱਥੇ ਹੀ ਸੁਸ਼ਾਂਤ ਅਤੇ ਰਿਆ ਦੀ ਮੈਨੇਜਰ ਵੀ ਰਹਿ ਚੁੱਕੀ ਹੈ।
ਈਡੀ ਅਤੇ ਸੀਬੀਆਈ ਮ੍ਰਿਤਕ ਅਦਾਕਾਰ ਦੀ ਮੌਤ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਅਤੇ ਉਸ ਦਾ ਪਰਿਵਾਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਹਾਂ ਏਜੰਸੀਆਂ ਨੇ ਬਿਹਾਰ ਪੁਲਿਸ ਦੀ ਐਫਆਈਆਰ ਦੇ ਅਧਾਰ ‘ਤੇ ਜਾਂਚ ਨੂੰ ਸੰਭਾਲਿਆ ਹੈ। ਕੇ.ਕੇ ਸਿੰਘ ਨੇ ਦੁਪਹਿਰ 12.34 ਵਜੇ ਰਿਆ ਨੂੰ ਸੰਦੇਸ਼ ਦਿੱਤਾ ਅਤੇ ਉਸ ਨੂੰ ਆਪਣੇ ਪੁੱਤਰ ਦੇ ਇਲਾਜ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ।
ਰਿਆ ਨੂੰ ਲਿਖੇ ਮੈਸੇਜ ਵਿਚ ਸਿੰਘ ਕਹਿ ਰਹੇ ਹਨ, "ਜਦੋਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਮੈਂ ਸੁਸ਼ਾਂਤ ਦਾ ਪਿਤਾ ਹਾਂ, ਤਾਂ ਤੁਸੀਂ ਗੱਲ ਕਿਉਂ ਨਹੀਂ ਕੀਤੀ। ਆਖਰ ਗੱਲ ਕੀ ਹੈ ਇੱਕ ਦੋਸਤ ਵਜੋਂ, ਉਸ ਦੀ ਦੇਖਭਾਲ ਤੇ ਉਸ ਦਾ ਇਲਾਜ ਕਰਵਾ ਰਹੇ ਹੋ ਤਾਂ ਮੇਰਾ ਵੀ ਫਰਜ਼ ਬਣਦਾ ਹੈ ਕਿ ਸੁਸ਼ਾਂਤ ਦੇ ਬਾਰੇ ਵਿੱਚ ਮੈਨੂੰ ਵੀ ਜਾਣਕਾਰੀ ਰਹੇ। ਇਸ ਲਈ ਕਾਲ ਕਰਕੇ ਮੈਨੂੰ ਵੀ ਸਾਰੀ ਜਾਣਕਾਰੀ ਦਿਓ।"