ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜਿੰਦਗੀ 'ਤੇ ਆਧਾਰਿਤ ਫ਼ਿਲਮ 'ਸ਼ੂਟਰ' ਨੂੰ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਹੈ। ਇਸ ਬੈਨ ਤੋਂ ਇਲਾਵਾ ਉਨ੍ਹਾਂ ਫ਼ਿਲਮ ਦੇ ਪ੍ਰੋਡਿਊਸਰ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ 'ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਰਾਏ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਪੰਜਾਬੀ ਵਿਭਾਗ ਦੇ ਵਿਦਿਆਰਥੀ ਸੁਖਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਫ਼ਿਲਮ ਦਾ ਟ੍ਰੇਲਰ ਵੇਖਿਆ ਸੀ ਜੋ ਉਨ੍ਹਾਂ ਨੂੰ ਭੜਕਾਊ ਲੱਗਿਆ। ਸੁਖਦੀਪ ਨੇ ਕਿਹਾ ਕਿ ਸਰਕਾਰ ਵੱਲੋਂ ਫਿਲਮ ਨੂੰ ਬੈਨ ਕਰਨ ਵਾਲਾ ਕਦਮ ਸ਼ਲਾਘਾਯੋਗ ਹੈ। ਉਰਦੂ ਵਿਭਾਗ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੀਆਂ ਫ਼ਿਲਮਾਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀ ਪੇਸ਼ਕਾਰੀ ਅਦਾਕਾਰਾਂ 'ਤੇ ਗਾਇਕਾਂ ਵੱਲੋਂ ਕੀਤੀ ਜਾ ਰਹੀ ਹੈ।