ਚੰਡੀਗੜ੍ਹ : ਸਿੰਘਮ ਪੰਜਾਬੀ ਦੇ ਟਰੇਲਰ ਤੇ ਨਜ਼ਰ ਮਾਰਦਿਆਂ ਪਤਾ ਲਗਦਾ ਹੈ, ਕਿ ਰੋਹਿਤ ਸ਼ੈਟੀ ਨੂੰ ਚਾਹੁੰਣ ਵਾਲੇ ਪੰਜਾਬ ਵਿਚ ਬਹੁਤ ਜ਼ਿਆਦਾ ਤਾਦਾਦ ਵਿੱਚ ਹਨ। ਅਜੇ ਦੇਵਗਨ ਦੀ ਸਿੰਘਮ ਤੇ ਪਰਮੀਸ਼ ਵਰਮਾ ਦੀ ਸਿੰਘਮ ਵਿਚ ਕਈ ਫ਼ਰਕ ਹਨ। ਪਹਿਲਾ ਫ਼ਰਕ ਪ੍ਰੋਡਕਸ਼ਨ ਦਾ ਹੈ, ਪੰਜਾਬੀ ਫ਼ਿਲਮ ਦੀ ਗਰੀਬੀ, ਹਿੰਦੀ ਦੇ ਮੁਕਾਬਲੇ ਸਾਫ਼ ਝਲਕਦੀ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਤੋਂ ਪਹਿਲਾਂ ਐਨੀ ਵਧੀਆ ਪੰਜਾਬੀ ਐਕਸ਼ਨ ਫ਼ਿਲਮ ਨਹੀਂ ਬਣੀ ਹੋਵੇਗੀ।
ਅਜੇ ਦੇਵਗਨ ਬਹੁਤ ਹੀ ਸੁਲਝਿਆ ਹੋਇਆ ਕਲਾਕਾਰ ਹੈ, ਉਹ ਬਿਨਾਂ ਬੋਲੇ ਆਪਣੀਆਂ ਅੱਖਾਂ ਨਾਲ ਹੀ ਸੰਵਾਦ ਰਚਾ ਲੈਂਦਾ ਹੈ, ਤੇ ਦੂਜੇ ਪਾਸੇ ਪਟਿਆਲਾ ਸ਼ਾਹੀ ਪਰਮੀਸ਼ ਵਰਮਾ, ਜਿਹੜਾ ਐਕਟਿੰਗ ਦੇ ਨਾਮ ਤੇ ਕੋਰਾ ਜਾਪ ਰਿਹਾ, ਇਕ ਖ਼ਾਸ ਦਰਸ਼ਕ ਵਰਗ ਪਰਮੀਸ਼ ਦੀ ਤੁਲਨਾ ਅਜੈ ਦੇਵਗਨ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੇਗਾ, ਜਿਸ ਕਰਕੇ ਉਨ੍ਹਾਂ ਹੱਥ ਨਿਰਾਸ਼ਾ ਲੱਗ ਸਕਦੀ ਹੈ।
ਐਕਸ਼ਨ ਫਿਲਮਾਂ ਦੀ ਕਹਾਣੀ ਕੋਈ ਨਹੀਂ ਹੁੰਦੀ, ਉਹ ਤਾਂ ਸਿਰਫ ਮਾਰਧਾੜ ਨੂੰ ਲੀਹ ਤੇ ਰੱਖਣ ਲਈ ਇਕ ਆਮ ਜੀ ਕਹਾਣੀ ਨੂੰ ਆਧਾਰ ਬਣਾਇਆ ਹੁੰਦਾ ਹੈ, ਜੋ ਇਸ ਵਿਚ ਹੋਵੇਗਾ। ਕੈਮਰੇ ਦਾ ਕੰਮ ਤੇ ਐਕਸ਼ਨ ਦਾ ਕੰਮ ਬਾਕੀ ਪੰਜਾਬੀ ਫਿਲਮਾਂ ਨਾਲੋਂ ਤਾਂ ਵਧੀਆ ਜਾਪ ਰਿਹਾ ਹੈ।ਟਰੇਲਰ ਵਿਚ ਪੋਚਵੀਂ ਬੰਨੀ ਹੋਈ ਪੱਗ ਨਾਲ ਥਾਣੇਦਾਰ ਦਿਲਸ਼ੇਰ ਸਿੰਘ, ਥਾਣਾ ਸਿੰਘਮ ਖ਼ੁਰਦ ਵਾਲਾ ਛੈਲ ਛਬੀਲਾ ਗੱਭਰੂ ਤਾਂ ਲੱਘ ਰਿਹਾ ਹੈ, ਪਰ ਜਦੋਂ ਕੈਮਰਾ ਦਿਲਸ਼ੇਰ ਸਿੰਘ ਨੂੰ ਨੇੜੇ ਤੋਂ ਦਿਖਾਉਂਦਾ ਹੈ, ਤਾਂ ਦਿਲਸ਼ੇਰ ਸਿੰਘ ਕਲਾਕਾਰੀ ਦੀ ਗਰੀਬੀ ਸਾਹਮਣੇ ਆ ਜਾਂਦੀ ਹੈ।ਕਰਤਾਰ ਚੀਮਾ ਬਹੁਤ ਵਧੀਆ, ਸੋਹਣਾ ਤੇ ਆਪਣੇ ਕਿਰਦਾਰ ਦੇ ਹਿਸਾਬ ਨਾਲ ਸੌ ਫੀਸਦੀ ਸਹੀ ਲੱਗ ਰਿਹਾ ਹੈ। ਰੰਗ ਮੰਚ ਨਾਲ ਜੁੜੇ ਕਰਤਾਰ ਚੀਮਾ ਲਈ ਇਹ ਇਕ ਵੱਡੀ ਵਾਪਸੀ ਹੋਵੇਗੀ।ਅਜੇ ਦੇਵਗਨ ਅਤੇ ਟੀ-ਸੀਰੀਜ਼ ਵਲੋਂ ਨਿਰਮਤ ਫ਼ਿਲਮ ਹੋਣ ਕਾਰਨ ਇਸ ਦੀ ਪਟਕਥਾ, ਸੰਵਾਦ ਤੇ ਨਿਰਦੇਸ਼ਨ ਉਪਰ ਵੱਡੇ ਸਵਾਲ ਨਹੀਂ ਖੜ੍ਹੇ ਕੀਤੇ ਜਾ ਸਕਦੇ। ਪੰਜਾਬ ਵਿਚ ਇਹ ਫਿਲਮ ਹਿੱਟ ਹੋਵੇਗੀ ਜਾਂ ਨਹੀਂ ਇਸ ਦਾ ਸਾਰਾ ਦਾਰੋ-ਮ-ਦਾਰ 19 ਜੁਲਾਈ ਨੂੰ ਪ੍ਰਦਰਸ਼ਿਤ ਹੋਣ ਵਾਲੀ ਅਰਦਾਸ ਕਰਾਂ, 26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਚੱਲ ਮੇਰਾ ਪੁੱਤ, 2 ਅਗਸਤ ਨੂੰ ਆ ਰਹੀਆਂ ਦੋ ਫਿਲਮਾਂ ਸਿਕੰਦਰ-2 ਤੇ ਪੰਜਾਬੀ ਜ਼ਿੰਦਗੀ ਤੇ ਅਧਾਰਿਤ ਹਿੰਦੀ ਫਿਲਮ ਖ਼ਾਨਦਾਨੀ ਸ਼ਫ਼ਾਖ਼ਾਨਾ ਨੂੰ ਦਰਸ਼ਕਾਂ ਵਲੋਂ ਮਿਲਣ ਵਾਲੇ ਪਿਆਰ ਤੇ ਦੁਤਕਾਰ ਤੇ ਬਹੁਤ ਨਿਰਭਰ ਕਰਦਾ ਹੈ।ਬਾਕੀ ਪਰਮੀਸ਼ ਵਰਮਾ ਦੀ ਪਿਛਲੀ ਫਿਲਮ ਦਿਲ ਦੀਆਂ ਗੱਲ੍ਹਾਂ ਫੇਲ ਹੋ ਚੁੱਕੀ ਹੈ, ਹਾਲਾਂਕਿ ਪਰਮੀਸ਼ ਦੀ ਪਹਿਲੀ ਫਿਲਮ ਰਾਕੀ ਮੈਂਟਲ ਮੁੰਡੀਹਰ ਨੂੰ ਬਹੁਤ ਪਸੰਦ ਆਈ ਸੀ।