ਚੰਡੀਗੜ੍ਹ:13 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਤੇਰੀ ਮੇਰੀ ਜੋੜੀ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਦਾਕਾਰੀ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਸਿੱਧੂ ਮੂਸੇਵਾਲਾ ਡਾਕੂ ਦਾ ਕਰਦਾਰ ਅਦਾ ਕਰਦੇ ਹੋਏ ਵਿਖਾਈ ਦੇਣ ਵਾਲੇ ਹਨ। ਆਪਣੀ ਪਹਿਲੀ ਹੀ ਫ਼ਿਲਮ 'ਚ ਉਨ੍ਹਾਂ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਨਾਲ ਕੰਮ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ 'ਤੇਰੀ ਮੇਰੀ ਜੋੜੀ' ਦੇ ਟਰੇਲਰ 'ਚ ਵੇਖਣ ਨੂੰ ਮਿਲਦੀ ਹੈ।
ਡਾਕੂ ਦੇ ਰੂਪ 'ਚ ਐਂਟਰੀ ਕਰ ਰਹੇ ਨੇ ਸਿੱਧੂ ਮੂਸੇਵਾਲਾ - Sidhu Moosewala
ਫ਼ਿਲਮ ਤੇਰੀ ਮੇਰੀ ਜੋੜੀ ਰਾਹੀਂ ਸਿੱਧੂ ਮੂਸੇਲਾਲਾ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਉਹ ਡਾਕੂ ਦੀ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ। ਇਸ ਗੱਲ ਦੀ ਜਾਣਕਾਰੀ ਫ਼ਿਲਮ ਦੇ ਟਰੇਲਰ ਤੋਂ ਪਤਾ ਲੱਗੀ ਹੈ।
ਪੰਜਾਬੀ ਇੰਡਸਟਰੀ ਦੀ ਇਹ ਪੁਰਾਣੀ ਰਵਾਇਤ ਹੈ ਕਿ ਗਾਇਕ ਅਦਾਕਾਰ ਬਣਦਾ ਹੀ ਹੈ। ਬੇਸ਼ਕ ਕਈ ਗੀਤਕਾਰਾਂ ਨੇ ਅਦਾਕਾਰੀ ਦੇ ਵਿੱਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ ਜਿਵੇਂ ਕਿ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਐਮੀ ਵਿਰਕ ਅਤੇ ਇਸ ਸੂਚੀ 'ਚ ਹੋਰ ਵੀ ਕਲਾਕਾਰਾਂ ਦੇ ਨਾਂਅ ਸ਼ਾਮਿਲ ਹਨ। ਵੇਖਣਾ ਇਹ ਹੋਵੇਗਾ ਕਿ ਗਾਇਕੀ ਤੋਂ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਸਿੱਧੂ ਮੂਸੇਵਾਲਾ ਦੀ ਅਦਾਕਾਰੀ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਕਿ ਨਹੀਂ।
ਕਾਬਿਲ-ਏ-ਗੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਫ਼ਿਲਮਾਂ ਦਾ ਰੁੱਖ ਕਰ ਲਿਆ ਹੈ ਇਸ ਗੱਲ ਦੀ ਚਰਚਾ ਤਾਂ 2018 'ਚ ਸ਼ੁਰੂ ਹੋ ਗਈ ਸੀ ਕਿਉਂਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਫ਼ਿਲਮ ਯੈਸ ਆਈ ਐਮ ਸਟੂਡੇਂਟ ਦਾ ਪੋਸਟਰ ਜਨਤਕ ਕੀਤਾ ਸੀ। ਇਸ ਫ਼ਿਲਮ ਦੀ ਰਿਲੀਜ਼ ਡੇਟ ਨਹੀਂ ਦੱਸੀ ਗਈ ਸੀ। ਉਸ ਵੇਲੇ ਸਭ ਨੂੰ ਇਹ ਹੀ ਲੱਗ ਰਿਹਾ ਸੀ ਕਿ ਇਹ ਫ਼ਿਲਮ ਸਿੱਧੂ ਮੂਸੇਵਾਲਾ ਦੀ ਡੈਬਯੂ ਫ਼ਿਲਮ ਹੈ। ਪਰ ਯੈਸ ਆਈ ਐਮ ਸਟੂਡੇਂਟ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਤੇਰੀ ਮੇਰੀ ਜੋੜੀ ਰਿਲੀਜ਼ ਹੋ ਰਹੀ ਹੈ। ਆਦਿਤਿਆ ਸੂਦ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਕਿੰਗ ਬੀ ਚੌਹਾਨ, ਸੈਮੀ, ਯੋਗਰਾਜ ਸਿੰਘ ਅਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ।