ਚੇਨਈ: ਭਾਰਤੀ ਸਿਨੇਮਾ ਦੇ ਪ੍ਰਸਿੱਧ ਗਾਇਕ ਐਸਪੀ ਬਾਲਾਸੁਬਰਾਮਣੀਅਮ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਪਿਛਲੇ ਦਿਨ ਯਾਨੀ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਲਾਈਫ਼ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਸੀ। ਪਰ ਅੱਜ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਇਸ ਮਹਾਨ ਗਾਇਕ ਦੇ ਦੇਹਾਂਤ ਮਗਰੋਂ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਿਹਾ ਹੈ।
ਅਕਸ਼ੇ ਕੁਮਾਰ ਨੇ ਟਵੀਟ ਕਰਦਿਆਂ ਇੱਕ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਬਾਲਾਸੁਬਰਾਮਣੀਅਮ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਤਾਲਾਬੰਦੀ ਦੌਰਾਨ ਉਨ੍ਹਾਂ ਨਾਲ ਇੱਕ ਵਰਚੁਅਲ ਸਮਾਰੋਹ ਵਿੱਚ ਉਨ੍ਹਾਂ ਨਾਲ ਗੱਲ ਹੋਈ ਸੀ। ਉਸ ਸਮੇਂ ਉਹ ਪੂਰੀ ਤਰ੍ਹਾਂ ਤੰਦਰੁਸਤ ਅਤੇ ਖੁਸ਼ ਸਨ। ਇਸ ਦੁੱਖ ਵੇਲੇ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਾਂ।
ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕੀਤਾ, '' ਪ੍ਰਤਿਭਾਵਾਨ ਗਾਇਕ, ਮਿੱਠੀ ਬੋਲੀਆਂ ਵਾਲੇ, ਬਹੁਤ ਚੰਗੇ ਵਿਅਕਤੀ ਐਸਪੀ ਬਾਲਾਸੁਬਰਾਮਣੀਅਮ ਜੀ ਦੇ ਦੇਹਾਂਤ ਦਾ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਅਸੀਂ ਇਕੱਠੇ ਬਹੁਤ ਸਾਰੇ ਗਾਣੇ ਗਾਏ, ਬਹੁਤ ਸਾਰੇ ਕਾਰਜਕਰਮ ਕੀਤੇ। ਮੈਂਨੂੰ ਸਭ ਯਾਦ ਆ ਰਿਹਾ ਹੈ, ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ।