ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਰਿਵਾਜ਼ ਹੈ ਕਿ ਜੋ ਹਿੱਟ ਗਾਇਕ ਹੈ ਉਸ ਨੂੰ ਅਦਾਕਾਰੀ ਆਉਂਦੀ ਹੋਵੇ ਜਾਂ ਨਾਂ ਆਉਂਦੀ ਹੋਵੇ ਫ਼ਿਲਮਾਂ 'ਚ ਉਸ ਨੂੰ ਜ਼ਰੂਰ ਲੈਕੇ ਆਉਂਦਾ ਜਾਂਦਾ ਹੈ। ਕੁਝ ਗਾਇਕ ਆਪਣੀ ਅਦਾਕਾਰੀ 'ਤੇ ਮਿਹਨਤ ਕਰਦੇ ਹਨ ਅਤੇ ਖ਼ੁਦ ਨੂੰ ਸਾਬਿਤ ਕਰ ਦਿੰਦੇ ਹਨ। ਇਸ ਦੀ ਉਦਹਾਰਨ ਦਿਲਜੀਤ, ਗਿੱਪੀ, ਐਮੀ, ਅਮਰਿੰਦਰ ਗਿੱਲ ਇਹ ਚਾਰੋਂ ਗਾਇਕੀ 'ਚ ਤਾਂ ਨਾਂਅ ਖੱਟ ਹੀ ਚੁੱਕੇ ਹਨ ਪਰ ਫ਼ਿਲਮਾਂ ਦੇ ਵਿੱਚ ਵੀ ਇਨ੍ਹਾਂ ਚੰਗਾ ਨਾਂਅ ਕਮਾਇਆ ਹੈ। ਇਨ੍ਹਾਂ ਗਾਇਕਾਂ ਵਿੱਚੋਂ ਗਿੱਪੀ ਨੇ ਨਿਰਦੇਸ਼ਕ ਬਣ ਕੇ ਪੰਜਾਬੀ ਸਿਨੇਮਾ ਨੂੰ ਅਰਦਾਸ ਵਰਗੀ ਫ਼ਿਲਮ ਦਿੱਤੀ ਹੈ।
ਪ੍ਰਭ ਗਿੱਲ ਦੀ ਅਦਾਕਾਰੀ 'ਚ ਐਂਟਰੀ - ਫ਼ਿਲਮ ਯਾਰ ਅਣਮੁਲੇ ਰਿਟਨਸ
ਪੰਜਾਬੀ ਗਾਇਕ ਪ੍ਰਭ ਗਿੱਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਪ੍ਰਭ ਗਿੱਲ ਫ਼ਿਲਮ ਯਾਰ ਅਣਮੁਲੇ ਰਿਟਰਨਸ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਗਾਇਕੀ ਤੋਂ ਅਦਾਕਾਰੀ ਦੇ ਵਿੱਚ ਹੁਣ ਗਾਇਕ ਪ੍ਰਭ ਗਿੱਲ ਦਾ ਵੀ ਨਾਂਅ ਸ਼ਾਮਿਲ ਹੋ ਚੁੱਕਿਆ ਹੈ। ਦੱਸ ਦਈਏ ਕਿ ਪ੍ਰਭ ਗਿੱਲ ਫ਼ਿਲਮ ਯਾਰ ਅਣਮੁਲੇ ਰਿਟਨਸ ਰਾਹੀਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫ਼ਿਲਮ ਦੇ ਵਿੱਚ ਹਰੀਸ਼ ਵਰਮਾ,ਯੁਵਰਾਜ ਹੰਸ ਵੀ ਮੁੱਖ ਭੂਮਿਕਾ ਨਿਭਾਉਣਗੇ। ਕਾਬਿਲ ਏ-ਗੌਰ ਹੈ ਕਿ ਇਸ ਫ਼ਿਲਮ ਦੇ ਪਹਿਲੇ ਦੋ ਭਾਗ ਰਿਲੀਜ਼ ਹੋ ਚੁੱਕੇ ਹਨ। ਫ਼ਿਲਮ ਯਾਰ ਅਣਮੁਲੇ ਦਾ ਪਹਿਲਾਂ ਭਾਗ 2011 ਦੇ ਵਿੱਚ ਰਿਲੀਜ਼ ਹੋਇਆ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਸੀ। ਹਰੀਸ਼ ਵਰਮਾ ਅਤੇ ਯੁਵਰਾਜ ਹੰਸ ਨੇ ਵੀ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਇਸ ਫ਼ਿਲਮ ਰਾਹੀਂ ਹੀ ਕੀਤੀ ਸੀ। ਉੱਥੇ ਹੀ ਯਾਰ ਅਣਮੁਲੇ 2 ਨੂੰ ਦਰਸ਼ਕਾਂ ਨੇ ਰਲਵਾ-ਮਿਲਵਾ ਹੀ ਹੁੰਗਾਰਾ ਦਿੱਤਾ ਸੀ।
ਜ਼ਿਕਰਏਖ਼ਾਸ ਹੈ ਕਿ ਫ਼ਿਲਮ ਦਾ ਪੋਸਟਰ ਯੁਵਰਾਜ ਹੰਸ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 6 ਮਾਰਚ 2020 ਨੂੰ ਰਿਲੀਜ਼ ਹੋਵੇਗੀ। ਇਸ ਸਬੰਧੀ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਹਾ ਹੈ ਕਿ ਉਸ ਨੂੰ ਦੁਆਵਾਂ ਚਾਹੀਦੀਆਂ ਹਨ ਆਪਣੀ ਪਹਿਲੀ ਫ਼ਿਲਮ ਵਾਸਤੇ।