ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਉਸ ਦੌਰਾਨ, ਸਾਰੀ-ਸਾਰੀ ਰਾਤ ਜਾਗਦੇ ਰਹਿੰਦੇ ਸਨ, ਜਦੋਂ ਉਨ੍ਹਾਂ 'ਤੇ ਅਕਤੂਬਰ 2018 ਵਿੱਚ #MeeToo ਦੇ ਤਹਿਤ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਵੀਰਵਾਰ ਨੂੰ ਮਸ਼ਹੂਰ ਸੀਰੀਅਲ 'ਪਵਿੱਤਰ ਰਿਸ਼ਤਾ' ਦੇ ਨਿਰਦੇਸ਼ਕਾਂ ਵਿਚੋਂ ਇਕ ਕੁਸ਼ਲ ਜ਼ਵੇਰੀ ਨੇ ਇੰਸਟਾਗ੍ਰਾਮ 'ਤੇ ਅਦਾਕਾਰ ਦੀ ਮਾਨਸਿਕ ਸਥਿਤੀ ਦਾ ਖੁਲਾਸਾ ਕੀਤਾ।
ਆਪਣੀ ਪੋਸਟ ਵਿੱਚ ਉਨ੍ਹਾਂ ਲਿੱਖਿਆ, "ਮੈਂ ਜੁਲਾਈ 2018 ਤੋਂ ਲੈ ਕੇ 2019 ਤੱਕ ਸੁਸ਼ਾਂਤ ਦੇ ਨਾਲ ਰਿਹਾ ਹਾਂ। ਅਕਤੂਬਰ 2018 ਵਿਚ #MeeToo ਦੇ ਦੌਰਾਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਉਸ ਨੂੰ ਬਿਨਾਂ ਕਿਸੇ ਠੋਸ ਸਬੂਤ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਸੀਂ ਸੰਜਨਾ ਸੰਘੀ ਨਾਲ ਸੰਪਰਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਇਦ ਉਹ ਉਸ ਸਮੇਂ ਅਮਰੀਕਾ ਵਿਚ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਲਈ ਉਪਲੱਬਧ ਨਹੀਂ ਸੀ।'
ਉਸ ਨੇ ਅੱਗੇ ਲਿਖਿਆ, ਸੁਸ਼ਾਂਤ ਜਾਣਦਾ ਸੀ ਕਿ ਉਸ ਨੂੰ ਕਿਸੇ ਵੱਲੋਂ ਫਸਾਇਆ ਜਾ ਰਿਹਾ ਹੈ, ਪਰ ਸਬੂਤ ਨਾ ਹੋਣ ਕਰਕੇ ਉਹ ਫੋਨ ਨਹੀਂ ਕਰ ਸਕੇ। ਮੈਨੂੰ ਯਾਦ ਹੈ ਕਿ ਸੁਸ਼ਾਂਤ ਚਾਰ ਰਾਤਾਂ ਸੌਂ ਨਹੀਂ ਸਕਿਆ ਸੀ। ਅਖੀਰ ਵਿੱਚ ਪੰਜਵੇਂ ਦਿਨ ਸੰਜਨਾ ਨੇ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਤੇ ਇਹ ਇੱਕ ਵੱਡੀ ਲੜਾਈ ਤੋਂ ਬਾਅਦ ਇੱਕ ਜਿੱਤ ਵਰਗਾ ਲੱਗ ਰਿਹਾ ਸੀ।"
ਕੁਸ਼ਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਇਸ ਲਈ ਉਜਾਗਰ ਕੀਤਾ ਤਾਂ ਕਿ ਉਨ੍ਹਾਂ ਲੋਕਾਂ ਦਾ ਪਰਦਾਫ਼ਾਸ਼ ਕੀਤਾ ਜਾ ਸਕੇ ਜੋ ਸੁਸ਼ਾਂਤ ਦੇ ਕੇਸ ਵਿੱਚ ਦੋਸ਼ੀ ਹਨ, ਕਿਤੇ ਇਹ ਉਹ ਲੋਕ ਤਾਂ ਨਹੀਂ ਹਨ ਜਿਨ੍ਹਾਂ ਬਾਰੇ ਸੁਸ਼ਾਂਤ ਉਸ ਸਮੇਂ ਸੋਚ ਰਿਹਾ ਸੀ।
ਕੁਸ਼ਲ ਜ਼ਾਵੇਰੀ ਦੀ ਇਸ ਪੋਸਟ ਤੋਂ ਬਾਅਦ ਕੰਗਨਾ ਰਨੌਤ ਨੇ ਉਨ੍ਹਾਂ ਨੂੰ ਆਵਾਜ਼ ਚੁੱਕਣ ਲਈ ਕਿਹਾ ਹੈ। ਟਵਿੱਟਰ 'ਤੇ ਕੁਸ਼ਲ ਦੀ ਪੋਸਟ ਸ਼ੇਅਰ ਕਰਦੇ ਹੋਏ ਕੰਗਨਾ ਨੇ ਆਪਣੀ ਟੀਮ ਦੇ ਜ਼ਰੀਏ ਲਿਖਿਆ - ਕਿਰਪਾ ਕਰਕੇ ਆਵਾਜ਼ ਚੁੱਕੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਇਕ ਲਾਲਚੀ ਕੁੜੀ ਜੋ ਕੁਝ ਮਹੀਨਿਆਂ ਤੱਕ ਸੁਸ਼ਾਂਤ ਦੇ ਨਾਲ ਸੀ, ਉਹ ਫਸ ਜਾਵੇਗੀ ਤੇ ਜਿਨ੍ਹਾਂ ਨੇ ਅਸਲ ਵਿੱਚ ਉਸ ਨਾਲ ਮਾੜਾ ਕੀਤਾ ਸੀ, ਉਹ ਆਜ਼ਾਦ ਘੁੰਮਣਗੇ।
ਤੁਹਾਨੂੰ ਦੱਸ ਦੇਈਏ ਕਿ ਸਾਲ 2018 ਵਿੱਚ ਅਫਵਾਹਾਂ ਫੈਲ ਰਈਆਂ ਸਨ ਕਿ ਫ਼ਿਲਮ ‘ਦਿਲ ਬੇਚਾਰਾ’ ਦੀ ਸ਼ੂਟਿੰਗ ਦੌਰਾਨ ਸੁਸ਼ਾਂਤ ਨੇ ਆਪਣੀ ਸਹਿ-ਅਭਿਨੇਤਰੀ ਸੰਜਨਾ ਸੰਘੀ ਨਾਲ ਬਦਸਲੂਕੀ ਕੀਤੀ ਸੀ। ਉਸ ਸਮੇਂ ਫਿਲਮ ਦਾ ਨਾਮ 'ਕੀਜੀ ਤੇ ਮੈਨੀ' ਰੱਖਿਆ ਗਿਆ ਸੀ। ਇਸ ਫ਼ਿਲਮ ਤੇ ਸੁਸ਼ਾਂਤ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ, ਜਿਸ ਕਾਰਨ ਅਦਾਕਾਰ ਕਾਫ਼ੀ ਪਰੇਸ਼ਾਨ ਸੀ। ਹਾਲਾਂਕਿ, ਬਾਅਦ ਵਿੱਚ ਸੰਜਨਾ ਸੰਘੀ ਨੇ ਸਾਹਮਣੇ ਆ ਕੇ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਅਤੇ ਸੁਸ਼ਾਂਤ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ ਸੀ।