ਮੁੰਬਈ: ਮੁੰਬਈ ਦੀ ਬਾਂਦਰਾ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਵਿਰੁੱਧ ਐਫ਼ਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਕੰਗਣਾ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਸ 'ਤੇ ਸਾਮਾਜਿਕ ਨਫ਼ਰਤ ਨੂੰ ਉਕਸਾਉਣ ਵਾਲਾ ਬਿਆਨ ਦੇਣ ਦਾ ਦੋਸ਼ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਬਾਂਦਰਾ ਅਦਾਲਤ ਨੇ ਇਹ ਹੁਕਮ ਦਿੱਤਾ ਹੈ।
ਹੁਣ ਇਸ ਐਫ਼ਆਈਆਰ 'ਤੇ ਅਦਾਕਾਰਾ ਕੰਗਣਾ ਰਨੌਤ ਦੀ ਟਿੱਪਣੀ ਸਾਹਮਣੇ ਆਈ ਹੈ।
ਕੰਗਣਾ ਨੇ ਇੱਕ ਟਵੀਟ ਰਾਹੀਂ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਲਿਖਿਆ, ''ਕੌਣ ਕੌਣ ਨਵਰਾਤਰੀ ਦਾ ਵਰਤ ਰੱਖ ਰਿਹਾ ਹੈ? ਅੱਜ ਦੇ ਨਵਰਾਤਰੀ ਉਤਸਵ ਵਿੱਚ ਕਲਿੱਕ ਕੀਤੀਆਂ ਗਈਆਂ ਤਸਵੀਰਾਂ, ਮੈਂ ਵੀ ਵਰਤ ਰੱਖ ਰਹੀ ਹਾਂ। ਇਸ ਦੌਰਾਨ ਮੇਰੇ ਉਪਰ ਇੱਕ ਹੋਰ ਐਫ਼ਆਈਆਰ ਦਰਜ ਹੋ ਗਈ ਹੈ। ਮਹਾਰਾਸ਼ਟਰ ਵਿੱਚ ਪੱਪੂ ਸੈਨਾ ਨੂੰ ਮੇਰੇ ਇਲਾਵਾ ਕੁੱਝ ਦਿਖ ਨਹੀਂ ਰਿਹਾ ਹੈ। ਮੈਨੂੰ ਜ਼ਿਆਦਾ ਯਾਦ ਨਾ ਕਰੋ, ਮੈਂ ਉਥੇ ਛੇਤੀ ਆਵਾਂਗੀ।''
ਦੱਸ ਦਈਏ, ਕੰਗਣਾ ਰਨੌਤ 'ਤੇ ਦੋਸ਼ ਹੈ ਕਿ ਉਹ ਬਾਲੀਵੁੱਡ ਵਿੱਚ ਕਥਿਤ ਤੌਰ 'ਤੇ ਫ਼ੈਲੇ ਡਰੱਗ ਦੇ ਜਾਲ ਅਤੇ ਭਾਈ-ਭਤੀਜਾਵਾਦ ਵਿਰੁੱਧ ਮੁੱਖ ਰੂਪ ਵਿੱਚ ਆਵਾਜ਼ ਚੁੱਕਦੀ ਰਹੀ ਹੈ। ਇਸ ਦੇ ਵਿਰੋਧ ਵਿੱਚ ਦੋ ਮੁਸਲਿਮ ਵਿਅਕਤੀਆਂ ਨੇ ਬਾਂਦਰਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੰਗਣਾ ਰਨੌਤ ਆਪਣੇ ਟਵੀਟ ਰਾਹੀਂ ਦੋ ਸਮੂਹਾਂ ਵਿਚਕਾਰ ਨਫ਼ਰਤ ਨੂੰ ਉਤਸ਼ਾਹਤ ਕਰ ਰਹੀ ਹੈ, ਜਿਸ ਨਾਲ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ, ਸਗੋਂ ਫ਼ਿਲਮ ਜਗਤ ਦੇ ਕਈ ਲੋਕਾਂ ਨੂੰ ਵੀ ਠੇਸ ਪੁੱਜੀ ਹੈ।
ਪਟੀਸ਼ਨ ਵਿੱਚ ਕੰਗਣਾ 'ਤੇ ਫ਼ਿਰਕਾਪ੍ਰਸਤੀ ਨੂੰ ਉਤਸ਼ਾਹਤ ਦੇਣ ਦਾ ਦੋਸ਼ ਲਾਇਆ ਹੈ। ਪਟੀਸ਼ਨਕਰਤਾਵਾਂ ਮੁਤਾਬਕ ਬਾਂਦਰਾ ਪੁਲਿਸ ਸਟੇਸ਼ਨ ਨੇ ਕੰਗਣਾ ਵਿਰੁਧ ਉਨ੍ਹਾਂ ਦੇ ਦੋਸ਼ਾਂ 'ਤੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਵਿੱਚ ਜਾਂਚ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤ ਨੇ ਕੰਗਣਾ ਰਨੌਤ ਵਿਰੁੱਧ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਐਫ਼ਆਈਆਰ ਤੋਂ ਬਾਅਦ ਕੰਗਣਾ ਤੋਂ ਪੁੱਛਗਿੱਛ ਹੋਵੇਗੀ ਅਤੇ ਜੇਕਰ ਕੰਗਣਾ ਵਿਰੁੱਧ ਪੁਖ਼ਤਾ ਸਬੂਤ ਮਿਲਦੇ ਹਨ ਕਿ ਉਸਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਵਿੱਚ ਅਦਾਕਾਰਾ ਕੰਗਣਾ ਰਨੌਤ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਹੈ। ਕੰਗਣਾ ਵਿਰੁੱਧ ਉਨ੍ਹਾਂ ਦੇ ਇੱਕ ਟਵੀਟ ਨੂੰ ਲੈ ਕੇ ਸ਼ੁੱਕਰਵਾਰ ਨੂੰ ਇੱਕ ਅਦਾਲਤ ਨੇ ਪੁਲਿਸ ਨੂੰ ਐਫ਼ਆਈਆਰ ਦਰਜ ਕਰਨ ਦਾ ਨਿਰਦੇਸ਼ ਦਿਤਾ ਸੀ।