ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਮਹੀਨੇ ਬੀਤ ਚੁੱਕੇ ਹਨ, ਪਰ ਉਨ੍ਹਾਂ ਦੇ ਜਾਣ ਦਾ ਸੋਗ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਲਈ ਅੱਜ ਵੀ ਉਨ੍ਹਾਂ ਹੀ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਕਈ ਮੁੱਦੇ ਸਾਹਮਣੇ ਆਏ, ਜਿਸ ਵਿੱਚ ਭਾਈ-ਭਤੀਜਾਵਾਦ ਬਾਰੇ ਸਭ ਤੋਂ ਜ਼ਿਆਦਾ ਬਹਿਸ ਹੋਈ।
ਇਸ ਤਹਿਤ ਡਾਇਰੈਕਟਰ ਕਰਨ ਜੌਹਰ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਭਾਈ-ਭਤੀਜਾਵਾਦ ਕਾਰਨ ਉਨ੍ਹਾਂ ਨੂੰ ਲਗਾਤਾਰ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਨ੍ਹਾਂ ਨੇ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਤੋਂ ਪਹਿਲਾਂ ਵੀ, ਉਨ੍ਹਾਂ ਨੇ ਟਵਿੱਟਰ 'ਤੇ ਕਈ ਲੋਕਾਂ ਨੂੰ ਅਨਫੋਲੋ ਕਰ ਦਿੱਤਾ ਸੀ।
ਪਰ ਹੁਣ ਲੰਮੇਂ ਸਮੇਂ ਬਾਅਦ ਕਰਨ ਜੌਹਰ ਸੋਸ਼ਲ ਮੀਡੀਆ 'ਤੇ ਮੁੜ ਐਕਟਿਵ ਹੋਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਜ਼ਾਦੀ ਦਿਹਾੜੇ ਮੌਕੇ ਇਕ ਪੋਸਟ ਸ਼ੇਅਰ ਕੀਤੀ। ਕਰਨ ਨੇ ਤਿਰੰਗੇ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ , "ਉਸ ਮਹਾਨ ਦੇਸ਼ ਨੂੰ, ਉਸ ਮਹਾਨ ਕਲਚਰ ਨੂੰ ਅਤੇ ਉਸ ਮਹਾਨ ਇਤਿਹਾਸ ਨੂੰ, ਸਭ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ, ਜੈ ਹਿੰਦ।"
ਕਰਨ ਨੇ ਇਸ ਤੋਂ ਪਹਿਲਾ ਆਖਰੀ ਪੋਸਟ ਜੋ ਸਾਂਝੀ ਕੀਤੀ ਸੀ, ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਵਿੱਚ ਸੀ। ਉਨ੍ਹਾਂ ਨੇ ਸੁਸ਼ਾਂਤ ਦੇ ਜਾਣ 'ਤੇ ਦੁੱਖ ਜ਼ਾਹਰ ਕੀਤਾ ਸੀ ਅਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨਿਆ ਕਿ ਉਹ ਉਨ੍ਹਾਂ ਦੇ ਨਾਲ ਜ਼ਿਆਦਾ ਸੰਪਰਕ ਵਿੱਚ ਨਹੀਂ ਸੀ। ਪਰ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਕਰਨ ਦੀ ਉਹ ਪੋਸਟ ਵੀ ਪਸੰਦ ਨਹੀਂ ਆਈ ਤੇ ਨਾ ਹੀ ਉਨ੍ਹਾਂ ਦਾ ਉਹ ਅੰਦਾਜ਼।
ਕਰਨ ਨੇ ਆਪਣੀ ਇਸ ਪੋਸਟ ਵਿੱਚ ਲਿਖਿਆ ਸੀ, ‘ਮੈਂ ਇਸ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ ਹਾਂ, ਕਿ ਪਿਛਲੇ 1 ਸਾਲ ਤੋਂ ਮੈਂ ਤੇਰੇ ਸੰਪਰਕ ਵਿੱਚ ਨਹੀਂ ਸੀ। ਮੈਂ ਕਈ ਵਾਰ ਮਹਿਸੂਸ ਕੀਤਾ ਕਿ ਤੈਨੂੰ ਵੀ ਕਿਸੇ ਦੀ ਜ਼ਰੂਰਤ ਹੈ ਜਿਸ ਦੇ ਨਾਲ ਤੂੰ ਆਪਣੀਆਂ ਗੱਲਾਂ ਸਾਂਝੀਆਂ ਕਰ ਸਕੇ, ਪਰ ਸ਼ਾਇਦ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ। ਮੈ ਬਹੁਤ ਵਾਰ ਆਪਣੀ ਜ਼ਿੰਦਗੀ ਰੌਲੇ ਵਿੱਚ ਜਿਉਂਦੇ ਹਾਂ ਪਰ ਅੰਦਰੋਂ ਇਕੱਲੇ ਹੁੰਦੇ ਹਾਂ।'