ਚੰਡੀਗੜ੍ਹ:ਪੌਲੀਵੁੱਡ ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ ਅਤੇ ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਵਿੱਚ ਖੁੱਲ੍ਹ ਕੇ ਦੱਸਦੇ ਹਨ ਜਿਸ ਨਾਲ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪੌਲੀਵੁੱਡ (pollywood) ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਜਲਦ ਹੀ ਨਵੀਂ ਫਿਲਮ ਨਾਲ ਫੈਨਜ਼ ਦੇ ਰੁਬਰੂ ਹੋਣਗੇ।
ਤੁਹਾਨੂੰ ਦੱਸ ਦਈਏ ਸਾਲ 2022 ਸਿਨਮੇ ਲਈ ਬਹੁਤ ਵਧੀਆ ਸਾਲ ਜਾਪਦਾ ਨਜ਼ਰ ਆ ਰਿਹਾ ਹੈ, ਕਿਉਂਕਿ ਬਹੁਤ ਸਾਰੇ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੇ ਆਪਣੀਆਂ ਬਹੁਤ ਜ਼ਿਆਦਾ ਉਮੀਦਾਂ ਵਾਲੀਆਂ ਫਿਲਮਾਂ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ। ਪਹਿਲਾਂ ਅਸੀਂ ਐਮੀ ਵਿਰਕ ਦੀ 'ਆਜਾ ਮੈਕਸੀਕੋ ਚੱਲੀਏ' ਨੂੰ ਰਿਲੀਜ਼ ਡੇਟ (25 ਫਰਵਰੀ) ਮਿਲਣ ਦੀ ਖਬਰ ਸਾਂਝੀ ਕੀਤੀ ਸੀ ਅਤੇ ਹੁਣ ਨੀਰੂ ਬਾਜਵਾ, ਸਤਿੰਦਰ ਸਰਤਾਜ, ਅਤੇ ਵਾਮਿਕਾ ਗੱਬੀ ਦੀ 'ਕਲੀ ਜੋਟਾ' ਦੀ ਰਿਪੋਰਟ ਸਾਹਮਣੇ ਆ ਗਈ ਹੈ। ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਖਬਰ ਸਾਂਝੀ ਕੀਤੀ ਹੈ ਕਿ ਫਿਲਮ 11 ਮਾਰਚ 2022 ਨੂੰ ਰਿਲੀਜ਼ ਹੋਵੇਗੀ।