ਵਾਸ਼ਿੰਗਟਨ: ਗਾਇਕ ਜਸਟਿਨ ਬੀਬਰ ਨੇ ਐਤਵਾਰ ਨੂੰ ਉਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ, ਜਿਸ 'ਚ ਇੱਕ ਮਹਿਲਾ ਨੇ ਉਸ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਮਹਿਲਾ ਨੇ ਟਵਿੱਟਰ 'ਤੇ ਜਿਨਸੀ ਸ਼ੋਸ਼ਣ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ। ਡੈਨਿਅਲ ਨਾਂਅ ਦੀ ਮਹਿਲਾ ਮੁਤਾਬਕ ਬੀਬਰ ਨੇ 2014 ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲੀਵੁੱਡ ਮੀਡੀਆ ਰਿਪੋਰਟਾਂ ਦੇ ਮੁਤਾਬਕ ਮਹਿਲਾ ਨੇ ਅਣਪਛਾਤੇ ਟਵਿੱਟਰ ਅਕਾਉਂਟ ਤੋਂ ਇਹ ਪੋਸਟ ਸਾਂਝੀ ਕੀਤੀ ਸੀ।
ਹਾਲਾਂਕਿ, ਇਸ ਮੁੱਦੇ 'ਤੇ ਬੀਬਰ ਵੱਲੋਂ ਪ੍ਰਤੀਕ੍ਰਿਆ ਦੇਣ ਤੋਂ ਬਾਅਦ ਇਹ ਟਵੀਟ ਜਲਦੀ ਹੀ ਹਟਾ ਦਿੱਤਾ ਗਿਆ ਸੀ।
ਬੀਬਰ ਨੇ ਜਵਾਬ ਵਿੱਚ ਟਵੀਟ ਕੀਤਾ, 'ਮੈਂ ਆਮ ਤੌਰ 'ਤੇ ਅਜਿਹੀਆਂ ਗੱਲਾਂ 'ਤੇ ਨਹੀਂ ਬੋਲਦਾ ਕਿਉਂਕਿ ਮੇਰੇ ਸਾਰੇ ਕੈਰੀਅਰ ਦੌਰਾਨ ਮੇਰੇ 'ਤੇ ਬਹੁਤ ਸਾਰੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ, ਪਰ ਆਪਣੀ ਪਤਨੀ ਅਤੇ ਟੀਮ ਨਾਲ ਗੱਲ ਕਰਨ ਤੋਂ ਬਾਅਦ ਮੈਂ ਇਸ ਬਾਰੇ ਬੋਲਣ ਦਾ ਫੈਸਲਾ ਕੀਤਾ ਹੈ।'
'ਕੋਲਡ ਵਾਟਰ' ਗਾਇਕ ਕਹਿੰਦਾ ਹੈ, 'ਅਫਵਾਹ ਇੱਕ ਅਫਵਾਹ ਹੈ ਪਰ ਮੈਂ ਜਿਨਸੀ ਸ਼ੋਸ਼ਣ ਨੂੰ ਹਲਕੇ 'ਚ ਨਹੀਂ ਲੈਂਦਾ। ਮੈਂ ਹੁਣ ਬੋਲਣਾ ਚਾਹੁੰਦਾ ਹਾਂ ਪਰ ਉਨ੍ਹਾਂ ਦੇ ਸਤਿਕਾਰ ਦੀ ਖਾਤਰ ਜੋ ਹਰ ਰੋਜ਼ ਇਸਦਾ ਸਾਹਮਣਾ ਕਰਦੇ ਹਨ, ਮੈਂ ਆਪਣਾ ਬਿਆਨ ਦੇਣ ਤੋਂ ਪਹਿਲਾਂ ਸਾਰੇ ਤੱਥ ਇਕੱਠੇ ਕਰਨਾ ਚਾਹੁੰਦਾ ਸੀ।'
ਗਾਇਕ ਨੇ ਫਿਰ ਕਿਹਾ, 'ਪਿਛਲੇ 24 ਘੰਟਿਆਂ ਵਿੱਚ ਇੱਕ ਨਵਾਂ ਟਵਿੱਟਰ ਅਕਾਉਂਟ ਸਾਹਮਣੇ ਆਇਆ ਅਤੇ 9 ਮਾਰਚ, 2014 ਨੂੰ ਟੈਕਸਾਸ ਦੇ ਆਸਟਿਨ ਵਿੱਚ ਫੋਰ ਸੀਜ਼ਨਜ਼ ਹੋਟਲ ਵਿੱਚ ਹੋਏ ਜਿਨਸੀ ਸ਼ੋਸ਼ਣ ਦੀ ਕਹਾਣੀ ਸੁਣਾਇਆ। ਮੈਂ ਸਾਫ ਕਹਿਣਾ ਚਾਹੁੰਦਾ ਹਾਂ ਇਸ ਕਹਾਣੀ ਵਿੱਚ ਕੋਈ ਸੱਚਾਈ ਨਹੀਂ ਹੈ। ਜਿਵੇਂ ਕਿ ਮੈਂ ਜਲਦੀ ਦਿਖਾਵਾਂਗਾ, ਮੈਂ ਉਸ ਜਗ੍ਹਾ 'ਤੇ ਵੀ ਮੌਜੂਦ ਨਹੀਂ ਸੀ।'
ਗਾਇਕ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦਾ ਜ਼ਿਕਰ ਕਰਦਿਆਂ ਲਿਖਿਆ, ‘ਜਿਨਸੀ ਸ਼ੋਸ਼ਣ ਦੇ ਹਰ ਦਾਅਵੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਇਸ ਲਈ ਮੇਰਾ ਜਵਾਬ ਜ਼ਰੂਰੀ ਸੀ। ਹਾਲਾਂਕਿ, ਤੱਥਾਂ ਦੇ ਅਧਾਰ 'ਤੇ ਇਹ ਕਹਾਣੀ ਅਸੰਭਵ ਹੈ ਅਤੇ ਇਸ ਲਈ ਮੈਂ ਟਵਿੱਟਰ ਅਤੇ ਪ੍ਰਸ਼ਾਸਨ ਨਾਲ ਕਾਨੂੰਨੀ ਕਾਰਵਾਈ ਕਰਨ 'ਤੇ ਕੰਮ ਕਰ ਰਿਹਾ ਹਾਂ।'