ਚੰਡੀਗੜ੍ਹ: 'ਚਾਚਾ ਚਤਰਾ' ਦੇ ਨਾਂਅ ਨਾਲ ਪ੍ਰਸਿੱਧੀ ਖੱਟਣ ਵਾਲੇ ਜਸਵਿੰਦਰ ਭੱਲਾ 4 ਮਈ ਨੂੰ ਆਪਣਾ 58 ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬੀ ਇੰਡਸਟਰੀ 'ਚ ਹਾਸਰਸ ਕਲਾਕਾਰ ਦੇ ਤੌਰ 'ਤੇ ਮਸ਼ਹੂਰ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ ਵਿਖੇ ਹੋਇਆ ਸੀ।
ਕਲਾਕਾਰ ਹੋਣ ਤੋਂ ਇਲਾਵਾ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁੱਖੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
58 ਸਾਲਾਂ ਦੇ ਹੋਏ ਚਾਚਾ ਚਤਰਾ' ਦੱਸਣਯੋਗ ਹੈ ਕਿ ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਸਾਲ 1998 'ਚ ਰਿਲੀਜ਼ ਹੋਈ ਫ਼ਿਲਮ 'ਦੁਲਾ ਭੱਟੀ' ਤੋਂ ਕੀਤੀ ਸੀ। ਜਿਸ ਵੀ ਫ਼ਿਲਮ 'ਚ ਜਸਵਿੰਦਰ ਭੱਲਾ ਕੰਮ ਕਰਦੇ ਹਨ, ਉਸ ਵਿੱਚ ਉਹ ਆਪਣੇ ਡਾਇਲਾਗਜ਼ 'ਚ ਜਾਨ ਪਾ ਦਿੰਦੇ ਹਨ, ਜਿਵੇਂ 'ਕੈਰੀ ਆਨ ਜੱਟਾ' 'ਚ ਕਾਲਾ ਕੋਰਟ ਐਵੇਂ ਹੀ ਨਹੀਂ ਪਾਇਆ, 'ਜਿੰਨੇ ਮੇਰਾ ਦਿਲ ਲੁੱਟਿਆ' 'ਚ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ।
ਈਟੀਵੀ ਭਾਰਤ ਨਾਲ ਹੋਈ ਗੱਲਬਾਤ ਦੌਰਾਨ ਜਸਵਿੰਦਰ ਭੱਲਾ ਨੇ ਦੱਸਿਆ ਕਿ ਫ਼ਿਲਮਾਂ ਮਨੋਰੰਜਨ ਲਈ ਹੁੰਦੀਆਂ ਹਨ ਅਤੇ ਜੇ ਉਹ ਫ਼ਿਲਮਾਂ ਸਮਾਜ ਨੂੰ ਸੇਧ ਵੀ ਦੇਣ ਤਾਂ ਉਹ ਸੋਨੇ 'ਤੇ ਸੁਹਾਗਾ ਵਾਲੀ ਗੱਲ ਹੁੰਦੀ ਹੈ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਦੱਸਿਆ ਕਿ ਬਹੁਤ ਜਲਦ ਹੀ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦੀ ਫ਼ਿਲਮ ਆ ਰਹੀ ਹੈ।
ਜ਼ਿਕਰੇਖ਼ਾਸ ਹੈ ਕਿ ਆਪਣੇ 20 ਸਾਲਾਂ ਤੋਂ ਉੱਪਰ ਦੇ ਫ਼ਿਲਮੀ ਸਫ਼ਰ 'ਚ ਜਸਵਿੰਦਰ ਭੱਲਾ ਨੇ ਕਈ ਇਨਾਮ ਜਿੱਤੇ ਹਨ ਜਿੰਨ੍ਹਾਂ ਵਿੱਚ ਰਾਜ ਯੂਥ ਅਵਾਰਡ, ਮਹੁੰਮਦ ਰਫ਼ੀ ਅਵਾਰਡ, ਪੰਜਾਬ ਦੇ ਬੈਸਟ ਕਾਮੇਡੀਅਨ (1990-91) ਸ਼ਾਮਲ ਹਨ।