ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਫ਼ਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਤੋਂ ਬਾਅਦ ਹੁਣ ਜੱਸੀ ਗਿੱਲ ਆਪਣੀ ਦੂਜੀ ਬਾਲੀਵੁੱਡ ਫ਼ਿਲਮ 'ਪੰਗਾ' ਦੇ ਪ੍ਰਮੋਸ਼ਨ ਵਿੱਚ ਮਸ਼ਰੂਫ਼ ਹਨ। ਜੱਸੀ ਇਸ ਫ਼ਿਲਮ ਵਿੱਚ ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾਉਣਗੇ। ਪ੍ਰਮੋਸ਼ਨ 'ਚ ਜੱਸੀ ਨੇ ਆਪਣੇ ਹੁਣ ਤੱਕ ਦੇ ਬਾਲੀਵੁੱਡ ਸਫ਼ਰ ਬਾਰੇ ਦੱਸਿਆ। ਜੱਸੀ ਗਿੱਲ ਨੇ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਬਾਲੀਵੁੱਡ ਵਿੱਚ ਕੰਮ ਕਰਨਗੇ। ਜਦੋਂ ਇਹ ਮੌਕਾ ਉਸ ਕੋਲ ਆਇਆ ਤਾਂ ਉਹ ਇਨਕਾਰ ਨਹੀਂ ਕਰ ਪਾਏ।
ਜੱਸੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਹੈਪੀ ਫ਼ਿਰ ਭਾਗ ਜਾਏਗੀ ਦਾ ਆਡੀਸ਼ਨ ਦਿੱਤਾ ਤਾਂ ਉਨ੍ਹਾਂ ਨੂੰ ਫ਼ਿਲਮ 'ਪੰਗਾ' ਦੇ ਆਡੀਸ਼ਨ ਲਈ ਕਾਲ ਆਈ। ਉਸ ਵੇਲੇ ਜੱਸੀ ਕੈਨੇਡਾ ਵਿੱਚ ਸੀ। ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਜੱਸੀ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਫੋਕਸ ਸਟੂਡੀਓ ਇੱਕ ਫ਼ਿਲਮ ਬਣਾ ਰਿਹਾ ਹੈ ਜਿਸ ਦੇ ਆਡੀਸ਼ਨ ਚੱਲ ਰਹੇ ਹਨ। ਜੱਸੀ ਨੇ ਆਡੀਸ਼ਨ ਦਿੱਤਾ ਅਤੇ ਫ਼ਿਲਮ ਨੂੰ ਸਾਈਨ ਕੀਤਾ। ਜੱਸੀ ਨੇ ਕਿਹਾ ਕਿ ਉਸ ਵੇਲੇ ਉਸ ਦੇ ਦੋਵੇਂ ਆਡੀਸ਼ਨ ਕਲੀਅਰ ਹੋ ਗਏ ਅਤੇ ਬਾਲੀਵੁੱਡ ਫ਼ਿਲਮਾਂ ਵੀ ਕਰੀਅਰ ਵਿਚ ਸ਼ਾਮਲ ਹੋ ਗਈਆਂ।