ਹੈਦਰਾਬਾਦ: ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਲੰਬੇ ਸਮੇਂ ਤੋਂ ਵਿਵਾਦ ਇਸ ਗਾਇਕ ਦਾ ਪਿੱਛਾ ਨਹੀਂ ਛੱਡ ਰਹੇ ਹਨ। ਹੁਣ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਹਨੀ ਸਿੰਘ ਨੂੰ ਆਪਣੀ ਆਵਾਜ਼ ਦਾ ਨਮੂਨਾ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਗਾਇਕ ਨੂੰ ਆਵਾਜ਼ ਦੇ ਨਮੂਨੇ ਸਮੇਤ ਸਥਾਨਕ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਧਿਆਨ ਯੋਗ ਹੈ ਕਿ ਹਨੀ 'ਤੇ ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣ ਦਾ ਦੋਸ਼ ਹੈ।
ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸਏਐਸਐਮ ਅਲੀ ਨੇ 27 ਜਨਵਰੀ ਨੂੰ ਆਪਣੇ ਹੁਕਮ ਵਿੱਚ ਗਾਇਕ ਨੂੰ 4 ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਅਦਾਲਤ ਨੇ ਇਹ ਨਿਰਦੇਸ਼ ਗਾਇਕ ਵੱਲੋਂ ਦਾਇਰ ਉਸ ਅਰਜ਼ੀ 'ਤੇ ਸੁਣਵਾਈ ਕਰਦਿਆਂ ਦਿੱਤਾ, ਜਿਸ 'ਚ ਹਨੀ ਸਿੰਘ ਨੇ ਵਿਦੇਸ਼ ਯਾਤਰਾ ਲਈ ਲਗਾਈ ਗਈ ਸ਼ਰਤ 'ਚ ਢਿੱਲ ਦੇਣ ਦੀ ਮੰਗ ਕੀਤੀ ਸੀ।
ਅਦਾਲਤ ਨੇ ਹਨੀ ਸਿੰਘ ਦੀ ਅਰਜ਼ੀ 'ਤੇ ਉਸ ਨੂੰ 29 ਜਨਵਰੀ ਤੋਂ 4 ਫਰਵਰੀ ਦਰਮਿਆਨ ਦੁਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਨਾਲ ਹੀ ਉਸ ਨੂੰ 4 ਤੋਂ 11 ਫਰਵਰੀ ਤੱਕ ਥਾਣੇ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।