ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਹਿਮਾਂਸ਼ੀ ਖੁਰਾਣਾ ਨੇ ਖ਼ੂਬ ਨਾਂਅ ਕਮਾਇਆ ਹੈ। ਆਪਣੇ ਕੰਮ ਕਾਰਨ ਤਾਂ ਹਿਮਾਂਸ਼ੀ ਬਹੁਤ ਮਸ਼ਹੂਰ ਹੈ ਪਰ ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਹੋਏ ਵਿਵਾਦ ਕਾਰਨ ਵੀ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਦਰਅਸਲ ਸੋਸ਼ਲ ਮੀਡੀਆ 'ਤੇ ਲੋਕ ਮਸ਼ਹੂਰ ਵੀ ਹੁੰਦੇ ਹਨ ਅਤੇ ਆਲੋਚਨਾ ਦਾ ਸ਼ਿਕਾਰ ਵੀ, ਹਿਮਾਂਸ਼ੀ ਦਾ ਵਿਵਾਦ ਵੀ ਸੋਸ਼ਲ ਮੀਡੀਆ ਕਰਕੇ ਹੀ ਸੀ।
ਮਸ਼ਹੂਰ ਮਾਡਲ ਸ਼ਹਿਨਾਜ਼ ਨਾਲ ਉਨ੍ਹਾਂ ਦੇ ਲੜਾਈ ਦੇ ਚਰਚੇ ਤਾਂ ਖ਼ੂਬ ਪ੍ਰਚਲਿਤ ਸਨ। ਹਾਲ ਹੀ ਦੇ ਵਿੱਚ ਵੀ ਹਿਮਾਂਸ਼ੀ ਦੇ ਚਰਚੇ ਜ਼ੋਰਾਂ-ਸ਼ੋਰਾਂ 'ਤੇ ਹੋ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਹਿਮਾਂਸ਼ੀ ਖ਼ਾਲਸਾ ਏਡ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ।
ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਨੇ ਇੰਸਟਾਗ੍ਰਾਮ ਰਾਹੀਂ ਦਿੱਤੀ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਲੋਕਾਂ ਦੀ ਮਦਦ ਕਰਦਿਆਂ ਦੀ ਵੀਡੀਓ ਜਨਤਕ ਕੀਤੀ ਹੈ। ਲੋਕ ਹਿਮਾਂਸ਼ੀ ਦੇ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ। ਹਿਮਾਂਸ਼ੀ ਰੋਜ਼ ਲੋਕਾਂ ਦੀ ਮਦਦ ਲਈ ਕੁੱਝ ਨਾ ਕੁੱਝ ਕਰ ਰਹੀ ਹੈ। ਉਹ ਆਮ ਜ਼ਰੂਰਤ ਦਾ ਸਮਾਨ ਲੋਕਾਂ ਤੱਕ ਪਹੁੰਚਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਹੈ ਕਿ ਸਾਰੇ ਖ਼ਾਲਸਾ ਏਡ ਦੀ ਵਧ ਤੋਂ ਵਧ ਮਦਦ ਕਰੀਏ। ਤਾਂ ਜੋ ਲੋਕਾਂ ਤੱਕ ਮਦਦ ਪਹੁੰਚ ਸਕੇ।
ਜ਼ਿਕਰ-ਏ-ਖ਼ਾਸ ਹੈ ਕਿ ਹੜ੍ਹ ਪੀੜਤਾਂ ਲਈ ਪਾਲੀਵੁੱਡ ਦੇ ਸਾਰੇ ਹੀ ਕਲਾਕਾਰ ਕੁਝ ਨਾ ਕੁਝ ਕਰ ਰਹੇ ਹਨ। ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਨੇ ਖ਼ਾਲਸਾ ਏਡ ਸੰਸਥਾ ਨੂੰ ਕੁਝ ਰਾਸ਼ੀ ਡੋਨੇਟ ਕੀਤੀ ਹੈ।