ਮੁੰਬਈ: ਆਦਿੱਤਿਆ ਚੋਪੜਾ, ਹਰ ਕੋਈ ਇਸ ਨਾਮ ਨੂੰ ਜਾਣਦਾ ਹੈ। ਉਹ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਹਨ। ਪਰ, ਇਸ ਫਿਲਮ ਨਿਰਮਾਤਾ ਨੂੰ ਕੈਮਰੇ ਦੇ ਸਾਹਮਣੇ ਆਉਣਾ ਜਾਂ ਕਿਸੇ ਪਾਰਟੀ, ਪ੍ਰੋਗਰਾਮ ਵਿਚ ਸ਼ਾਮਲ ਹੋਣਾ ਬਿਲਕੁਲ ਪਸੰਦ ਨਹੀਂ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਆਦਿੱਤਿਆ ਦੀਆਂ ਕੁਝ ਤਸਵੀਰਾਂ ਵੀ ਵੇਖੋਗੇ। ਅੱਜ ਆਦਿਤਿਆ ਦਾ ਜਨਮਦਿਨ ਹੈ।
21 ਮਈ, 1971 ਨੂੰ ਫਿਲਮ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਮਾਤਾ ਯਸ਼ ਚੋਪੜਾ ਦੇ ਘਰ ਜੰਮੇ, ਆਦਿੱਤਿਆ ਨੇ 18 ਸਾਲ ਦੀ ਉਮਰ ਵਿੱਚ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਫਿਲਮ ਨਿਰਮਾਣ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਚਾਂਦਨੀ (1989), ਲਮਹੇ (1991) ਅਤੇ ਡਰ (1993) ਵਰਗੀਆਂ ਫਿਲਮਾਂ ਵਿੱਚ ਆਪਣੇ ਪਿਤਾ ਦੀ ਸਹਾਇਤਾ ਕੀਤੀ।
ਜਦੋਂ ਆਦਿੱਤਿਆ ਨੇ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਬਣਾਈ ਸੀ, ਉਸ ਸਮੇਂ ਮਹਿਜ਼ ਉਹ 23 ਸਾਲਾਂ ਦੇ ਸੀ। ਇਹ ਫਿਲਮ ਆਦਿੱਤਿਆ ਵਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਸੀ। ਫਿਲਮ ਦਾ ਨਿਰਮਾਣ ਉਨ੍ਹਾਂ ਦੇ ਪਿਤਾ ਨੇ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਕੀਤਾ ਸੀ। ਫਿਲਮ ਨਾਲ ਜੁੜੀ ਖਾਸ ਗੱਲ ਇਹ ਹੈ ਕਿ ਆਦਿੱਤਿਆ 1990 ਤੋਂ ਇਸ ਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਸੀ ਯਾਨੀ ਜਦੋਂ ਉਹ ਸਿਰਫ 19 ਸਾਲਾਂ ਦੇ ਸੀ। ਉਨ੍ਹਾਂ ਨੇ ਫਿਲਮ ਦੀ ਅਸਲ ਸਕ੍ਰਿਪਟ ਤੋਂ ਪਹਿਲਾਂ ਲਗਭਗ 5 ਡਰਾਫਟ ਬਣਾਏ।
ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਭਰਾ ਉਦੈ ਚੋਪੜਾ ਅਤੇ ਚਚੇਰਾ ਭਰਾ ਕਰਨ ਜੌਹਰ ਨੂੰ ਫਿਲਮ ਤੋਂ ਸਹਾਇਕ ਨਿਰਦੇਸ਼ਕ ਵਜੋਂ ਡੈਬਿਊ ਕਰਨ ਲਈ ਵੀ ਯਕੀਨ ਦਿਵਾਇਆ। ਆਦਿੱਤਿਆ ਨੇ ਇਕ ਵਾਰ ਕਿਹਾ ਸੀ ਕਿ ਫਿਲਮ 'ਤੇ ਕੰਮ ਕਰਦਿਆਂ ਰਿਸ਼ਤੇਦਾਰਾਂ ਦਾ ਆਸ ਪਾਸ ਹੋਣਾ ਬਹੁਤ ਭਾਵੁਕ ਸਹਾਇਤਾ ਹੈ।
'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਉਸ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਰਹੀ। ਇਸ ਦੇ ਨਾਲ ਹੀ, ਇਸ ਫਿਲਮ ਨੂੰ ਰਾਸ਼ਟਰੀ ਪੁਰਸਕਾਰ ਵੀ ਦਿੱਤਾ ਗਿਆ।
ਫਿਲਮ ਦੇ ਨਿਰਦੇਸ਼ਨ ਤੋਂ ਇਲਾਵਾ ਚੋਪੜਾ ਨੇ ਕਈ ਹਿੱਟ ਫਿਲਮਾਂ ਲਈ ਸੰਵਾਦ ਵੀ ਲਿਖੇ ਹਨ। ਆਦਿੱਤਿਆ ਨੇ 1997 ਦੀ ਯਸ਼ ਚੋਪੜਾ ਦੀ ਫਿਲਮ 'ਦਿਲ ਤੋ ਪਾਗਲ ਹੈ' ਲਈ ਕਹਾਣੀ ਅਤੇ ਸੰਵਾਦ ਲਿਖੇ ਅਤੇ ਇਸ ਫਿਲਮ ਨੂੰ ਵੀ ਰਾਸ਼ਟਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ।
ਸਿਰਫ਼ ਸੰਵਾਦ ਹੀ ਨਹੀਂ, ਆਦਿੱਤਿਆ ਹੈਰਾਨੀ ਭਰੀਆਂ ਕਵਿਤਾਵਾਂ ਵੀ ਲਿਖਦੇ ਹਨ। ਡੀਡੀਐਲਜੇ ਵਿੱਚ ਕਾਜੋਲ ਦੀ ਡਾਇਰੀ (ਐਸਾ ਪਹਿਲੀ ਵਾਰ ਹੁਆ ਹੈ), ਜਬ ਤੱਕ ਹੈ ਜਾਨ ਦੀ ਸ਼ਾਹਰੁਖ ਦੀ ਜਰਨਲ (ਤੇਰੀ ਆਂਖੋ ਕੀ ਨਮਕੀਨ ਮਸਤੀਆਂ) ਜਾਂ ਧੂਮ 3 ਦੀ ਆਮਿਰ ਖਾਨ ਦੀ ਕਵਿਤਾ (ਬੰਦੇ ਹੈ ਹਮ ਉਸਕੇ, ਹਮਪੇ ਕਿਸਕਾ ਜ਼ੋਰ), ਸਭ ਆਦਿੱਤਿਆ ਵਲੋਂ ਲਿਖੀਆਂ ਗਈਆਂ ਸਨ।
ਆਦਿੱਤਿਆ ਚੋਪੜਾ ਨੇ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਨਾਲ ਫਿਲਮ 'ਮੁਹੱਬਤੇਂ' ਬਣਾਈ ਸੀ ਅਤੇ ਇਸ ਫਿਲਮ ਨਾਲ ਆਪਣੇ ਛੋਟੇ ਭਰਾ ਉਦੈ ਚੋਪੜਾ ਨੂੰ ਵੀ ਲਾਂਚ ਕੀਤਾ ਸੀ। ਫਿਲਮ ਨੇ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕੀਤੀ ਸੀ।