ਚੰਡੀਗੜ੍ਹ: ਪੰਜਾਬੀ ਅਖਾੜਿਆਂ ਦੀ ਸ਼ਾਨ ਗਾਇਕਾ ਜਸਵਿੰਦਰ ਬਰਾੜ ਦਾ ਅੱਜ ਜਨਮਦਿਨ ਹੈ। ਜਸਵਿੰਦਰ ਕੌਰ ਬਰਾੜ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਦੀ ਕੁਖੋਂ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ 'ਚ ਹੋਇਆ ਸੀ। ਪੰਜਾਬੀ ਗਾਇਕੀ 'ਚ ਜਸਵਿੰਦਰ ਬਰਾੜ ਆਪਣੀ ਦਮਦਾਰ ਅਵਾਜ਼ ਕਰਕੇ ਪਹਿਚਾਣੀ ਜਾਂਦੀ ਹੈ। ਜਸਵਿੰਦਰ ਬਰਾੜ ਵਲੋਂ ਕਈ ਹਿੱਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਹਨ।
ਜਸਵਿੰਦਰ ਕੌਰ ਦਾ ਵਿਆਹ ਰਣਜੀਤ ਸਿੰਘ ਸਿੱਧੂ ਨਾਲ ਸਾਲ 2000 'ਚ ਹੋਇਆ ਸੀ। ਵਿਆਹ ਤੋਂ ਦੋ ਸਾਲ ਜਸਵਿੰਦਰ ਬਰਾੜ ਨੇ ਗਾਇਕੀ ਸਫ਼ਰ ਤੋਂ ਦੂਰੀ ਵੀ ਬਣਾ ਕੇ ਰੱਖੀ। ਇਸ ਦੌਰਾਨ ਉਨ੍ਹਾਂ ਦੀ ਕੁੱਖੋਂ ਬੱਚੇ ਨੇ ਜਨਮ ਲਿਆ, ਜਿਸ ਦਾ ਨਾਮ ਜਸ਼ਨਪ੍ਰੀਤ ਸਿੱਧੂ ਹੈ।
ਜਸਵਿੰਦਰ ਬਰਾੜ ਨੂੰ ਲੋਕ ਤੱਥਾਂ ਦੀ ਰਾਣੀ ਕਿਹਾ ਜਾਂਦਾ ਹੈ। ਉਨ੍ਹਾਂ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 1990 'ਚ ਐਲਬਮ 'ਕੀਮਤੀ ਚੀਜ' ਨਾਲ ਕੀਤੀ ਸੀ। ਉਸ ਤੋਂ ਬਾਅਦ ਇੱਕ ਤੋਂ ਇੱਕ ਹਿੱਟ ਐਲਬਮਾਂ ਕਰਦੇ ਗਏ। ਜਸਵਿੰਦਰ ਕੌਰ ਬਰਾੜ ਦੀ ਅਵਾਜ਼ 'ਚ ਗਾਇਆ ਗੀਤ ਰਿਜ਼ਾ ਕਾਫ਼ੀ ਮਕਬੂਲ ਵੀ ਹੋਇਆ ਸੀ।
ਆਪਣੀ ਦਮਦਾਰ ਗਾਇਕੀ ਕਾਰਨ ਜਸਵਿੰਦਰ ਬਰਾੜ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਸਵਿੰਦਰ ਬਰਾੜ ਨੂੰ 'ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਐਵਾਰਡ 2010' ਵੀ ਮਿਲ ਚੁੱਕਿਆ ਹੈ। ਇਸ ਐਵਾਰਡ ਨੂੰ ਪ੍ਰਾਪਤ ਕਰਨ ਵਾਲੇ ਉਹ 12ਵੇਂ ਕਲਾਕਾਰ ਸੀ। ਇਸ ਦੇ ਨਾਲ ਹੀ ਉਹ ਸੰਗੀਤ ਸਮਾਰਟ ਐਵਾਰਡ ਪ੍ਰੋ. ਮੋਹਨ ਸਿੰਘ ਮੇਲੇ ਤੋਂ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤਾਂ ਨੂੰ ਵੀ ਕਈ ਐਵਾਰਡ ਮਿਲ ਚੁੱਕੇ ਹਨ।