ਡੀ.ਵੀ.ਡੀ ਫ਼ਿਲਮਾਂ ਤੋਂ ਲੈਕੇ ਪਾਲੀਵੁੱਡ ਤੱਕ ਇਕ ਦਿਨ 'ਚ ਨਹੀਂ ਬਣਿਆ ਗੁਰਪ੍ਰੀਤ ਘੁੱਗੀ ਦਾ ਨਾਂਅ - birthday
ਗੁਰਪ੍ਰੀਤ ਘੁੱਗੀ ਬੁੱਧਵਾਰ ਨੂੰ ਆਪਣੀ ਜ਼ਿੰਦਗੀ ਦੇ 48 ਸਾਲ ਪੂਰੇ ਕਰ ਚੁੱਕੇ ਹਨ। ਇੰਨ੍ਹਾਂ 48 ਸਾਲਾਂ 'ਚ ਉਨ੍ਹਾਂ ਬਹੁਤ ਸੰਘਰਸ਼ ਕੀਤਾ ਅਤੇ ਕਾਮਯਾਬੀ ਹਾਸਿਲ ਕੀਤੀ।
ਚੰਡੀਗੜ੍ਹ: ਗੁਰਪ੍ਰੀਤ ਘੁੱਗੀ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਜਿਸ ਨੇ ਆਪਣੀ ਮਿਹਨਤ ਦੇ ਨਾਲ ਹਰ ਇਕ ਦਾ ਦਿਲ ਜਿੱਤਿਆ। ਉਹ ਇਕ ਅਜਿਹੇ ਸੁਪਰਸਟਾਰ ਨੇ ਜਿੰਨ੍ਹਾਂ ਦੇ ਸੈੱਟ 'ਤੇ ਆਉਣ ਨਾਲ ਰੌਣਕ ਜਿਹੀ ਬਣ ਜਾਂਦੀ ਹੈ। ਗੁਰਪ੍ਰੀਤ ਘੁੱਗੀ ਉਹ ਅਦਾਕਾਰ ਹਨ ਜੋ ਲੋਕਾਂ ਨੂੰ ਹਸਾਉਂਦੇ ਵੀ ਨੇ ਅਤੇ ਚੰਗੀ ਮੱਤ ਵੀ ਦੇ ਜਾਂਦੇ ਹਨ। ਉਹ ਆਪਣੇ ਕਿਰਦਾਰ ਨੂੰ ਮਹਿਸੂਸ ਕਰ ਕੇ ਪਰਦੇ 'ਤੇ ਪੇਸ਼ ਕਰਦੇ ਹਨ।
19 ਜੂਨ 1971 ਨੂੰ ਗੁਰਦਾਸਪੁਰ ਵਿਖੇ ਜਨਮੇਂ ਗੁਰਪ੍ਰੀਤ ਘੁੱਗੀ ਦਾ ਅਸਲ ਨਾਂਅ ਗੁਰਪ੍ਰੀਤ ਸਿੰਘ ਵੜੈਚ ਹੈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਪੰਜਾਬੀ ਇੰਡਸਟਰੀ 'ਚ ਕੰਮ ਕਰਨ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਨੇ ਘਰ ਚਲਾਉਣ ਲਈ ਛੋਟੀਆਂ ਨੌਕਰੀਆਂ ਕੀਤੀਆਂ। ਉਹ ਨੌਕਰੀਆਂ ਬੇਸ਼ਕ ਕਰਦੇ ਸਨ ਪਰ ਸੁਪਨਾ ਉਨ੍ਹਾਂ ਦਾ ਇਕ ਸੁਪਰਸਟਾਰ ਬਣਨ ਦਾ ਸੀ।
ਆਪਣਾ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਬਹੁਤ ਮਿਹਨਤ ਕੀਤੀ। ਅੱਜ ਵੀ ਉਨ੍ਹਾਂ ਦੀਆਂ ਕਾਮੇਡੀ ਫ਼ਿਲਮਾਂ, ਘੁੱਗੀ ਯਾਰ ਗੱਪ ਨਾ ਮਾਰ, ਘੁੱਗੀ ਜੰਕਸ਼ਨ, ਘੁੱਗੀ ਛੂਮੰਤਰ, ਮੇਰਾ ਵਹੁਟੀ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ ਆਦਿ ਫ਼ਿਲਮਾਂ ਦਰਸ਼ਕਾਂ ਨੂੰ ਖ਼ੂਬ ਹਸਾਉਂਦੀਆਂ ਹਨ।
ਗੁਰਪ੍ਰੀਤ ਘੁੱਗੀ ਨੇ ਨਾ ਸਿਰਫ਼ ਪਾਲੀਵੁੱਡ ਨੂੰ ਬਲਕਿ ਬਾਲੀਵੁੱਡ ਨੂੰ ਵੀ ਹਿੱਟ ਫ਼ਿਲਮਾਂ ਦਿੱਤੀਆਂ। ਪੰਜਾਬੀ ਫ਼ਿਲਮਾਂ 'ਚ ਉਨ੍ਹਾਂ ਨੇ ਸ਼ੁਰੂਆਤ 2002 'ਚ ਫ਼ਿਲਮ 'ਜੀ ਆਇਆ ਨੂੰ' ਤੋਂ ਕੀਤੀ। ਬਾਲੀਵੁੱਡ ਦੇ ਵਿੱਚ ਉਨ੍ਹਾਂ ਫ਼ਿਲਮ 'ਸਿੰਘ ਇਜ਼ ਕਿੰਗ' 'ਚ ਕੰਮ ਕੀਤਾ ਅਤੇ ਆਪਣੀ ਬਾਲੀਵੁੱਡ ਦੇ ਵਿੱਚ ਵੀ ਇਕ ਚੰਗੀ ਪਹਿਚਾਣ ਬਣਾਈ।