ਚੰਡੀਗੜ੍ਹ: 30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦਾ ਪ੍ਰਮੋਸ਼ਨ ਜ਼ੋਰਾਂ- ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਹ ਫ਼ਿਲਮ ਗੁਰਨਾਮ ਭੁੱਲਰ ਲਈ ਬਹੁਤ ਹੀ ਖ਼ਾਸ ਹੈ ਕਿਉਂਕਿ ਇਹ ਉਨ੍ਹਾਂ ਦੀ ਪਾਲੀਵੁੱਡ 'ਚ ਦੂਜੀ ਫ਼ਿਲਮ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਗੁਡੀਆਂ ਪਟੋਲੇ ਵੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀ ਸੀ। ਜਦੋਂ ਇਸ ਸਬੰਧੀ ਗੁਰਨਾਮ ਭੁੱਲਰ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਇਹ ਦਿੱਤਾ ਕਿ ਦੋਵੇਂ ਫ਼ਿਲਮਾਂ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪਰਿਵਾਰਕ ਫ਼ਿਲਮ ਹੈ। ਗੁੱਡੀਆਂ ਪਟੋਲੇ ਫ਼ਿਲਮ ਨੌਜਵਾਨਾਂ 'ਤੇ ਆਧਾਰਿਤ ਸੀ।
ਗੁਰਨਾਮ ਨੂੰ ਨਹੀਂ ਸੀ ਉਮੀਦ ਸਰਗੁਣ ਕਰੇਗੀ ਫ਼ਿਲਮ ਸੁਰਖ਼ੀ ਬਿੰਦੀ 'ਚ ਕੰਮ - ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ
30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦੀ ਪ੍ਰੈੱਸ ਕਾਨਫ਼ਰੰਸ ਚੰਡੀਗੜ੍ਹ ਵਿੱਚ ਹੋਈ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੀ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਫ਼ਿਲਮ ਔਰਤਾਂ ਦੇ ਸੁਪਨਿਆਂ 'ਤੇ ਆਧਾਰਿਤ ਹੈ। ਇਹ ਇੱਕ ਪਰਿਵਾਰਕ ਫ਼ਿਲਮ ਹੈ। ਇਸ ਮੌਕੇ ਗੁਰਨਾਮ ਨੇ ਇਹ ਗੱਲ ਆਖੀ ਕਿ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਸਰਗੁਣ ਉਨ੍ਹਾਂ ਨਾਲ ਫ਼ਿਲਮ ਕਰਨ ਲਈ ਹਾਂ ਕਰ ਦੇਵੇਗੀ।
ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਸਰਗੁਣ ਨਾਲ ਪਹਿਲੀ ਵਾਰ ਕੰਮ ਕਰਨ ਦਾ ਤਜ਼ੁਰਬਾ ਗੁਰਨਾਮ ਲਈ ਕਿਸ ਤਰ੍ਹਾਂ ਦਾ ਰਿਹਾ ਇਸ ਦਾ ਜਵਾਬ ਗੁਰਨਾਮ ਨੇ ਇਹ ਦਿੱਤਾ ਕਿ ਉਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਕਿ ਸਰਗੁਣ ਫ਼ਿਲਮ ਨੂੰ ਹਾਂ ਵੀ ਕਰੂਗੀ ਕਿਉਂਕਿ ਉਹ ਇੱਕ ਸੀਨੀਅਰ ਅਦਾਕਾਰਾ ਹਨ।
ਇਸ ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ, ਦੱਸ ਦਈਏ ਜਗਦੀਪ ਸਿੱਧੂ ਪੰਜਾਬੀ ਸਿਨੇਮਾ ਦੇ ਉਹ ਨਿਰਦੇਸ਼ਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਵੇਂ ਕਿ 'ਕਿਸਮਤ' ਅਤੇ 'ਛੜਾ'। ਜਗਦੀਪ ਸਿੱਧੂ ਵੱਲੋਂ ਲਿੱਖੀ ਫ਼ਿਲਮ 'ਹਰਜੀਤਾ' ਨੂੰ ਨੈਸ਼ਨਲ ਅਵਾਰਡ ਮਿੱਲ ਚੁੱਕਾ ਹੈ। ਗੁਰਨਾਮ ਭੁੱਲਰ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਜਗਦੀਪ ਸਿੱਧੂ ਦੇ ਨਾਲ ਕੰਮ ਕਰਨ ਦਾ ਤਜ਼ੁਰਬਾ ਕਿਵੇਂ ਦਾ ਰਿਹਾ ਤਾਂ ਉਨ੍ਹਾਂ ਨੇ ਜਵਾਬ ਇਹ ਦਿੱਤਾ ਕਿ ਗਾਇਕੀ 'ਚ ਉਨ੍ਹਾਂ ਦੇ ਗੁਰੂ ਦਿਲਜੀਤ ਹਨ ਅਤੇ ਫ਼ਿਲਮਾਂ 'ਚ ਉਨ੍ਹਾਂ ਦੇ ਗੁਰੂ ਜਗਦੀਪ ਸਿੱਧੂ ਹਨ।