ਮੁੰਬਈ: ਬੀਤੇ ਦਿਨ ਐਤਵਾਰ ਨੂੰ ਜੇਐਨਯੂ ਵਿੱਚ ਨਕਾਬ ਬੰਨ੍ਹ ਕੇ ਆਏ ਲੋਕਾਂ ਨੇ ਕੈਂਪਸ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਜਿੱਥੇ ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਬਾਲੀਵੁੱਡ ਜਗਤ 'ਚ ਵੀ ਇਸ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ। ਅਦਾਕਾਰਾ ਸਵਰਾ ਭਾਸਕਰ ਨੇ ਲੋਕਾਂ ਨੂੰ ਭੀੜ ਹਿੰਸਾ ਨੂੰ ਰੋਕਣ ਲਈ ਕੈਂਪਸ ਦੇ ਗੇਟ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਅਪੀਲ ਕੀਤੀ, ਜਦਕਿ ਅਦਾਕਾਰਾ ਪੂਜਾ ਭੱਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ' 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।
ਉੱਥੇ ਹੀ ਅਦਾਕਾਰਾ ਤਾਪਸੀ ਪੰਨੂ ਤੇ ਕ੍ਰੀਤੀ ਸੇਨਨ ਨੇ ਵੀ ਜੇਐਨਯੂ ਹਿੰਸਾ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਣ ਵਾਲਾ ਸ਼ਰਮਨਾਕ ਕਾਰਾ ਦੱਸਿਆ। ਉਨ੍ਹਾਂ ਨੇ ਇਸ 'ਤੇ ਰਾਜਨੀਤੀ ਖੇਡਣ ਨੂੰ ਬੰਦ ਕਰਨ ਲਈ ਕਿਹਾ।
ਫ਼ਿਲਮਮੇਕਰ ਤੇ ਅਦਾਕਾਰਾ ਅਪਰਨਾ ਸੇਨ ਤੇ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਵੀ ਜੇਐਨਯੂ ਵਿੱਚ ਚੱਲ ਰਹੀਂ ਭੀੜ ਹਿੰਸਾ ਵਿਰੁੱਧ ਸਰਕਾਰ ਨੂੰ ਸਖ਼ਤ ਕਦਮ ਲੈਣ ਲਈ ਕਿਹਾ ਤੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ।