ਚੰਡੀਗੜ੍ਹ: ਅਮਰ ਸਿੰਘ ਚਮਕੀਲਾ ਦੇ ਗੀਤਾਂ ਦੀ ਆਲੋਚਨਾ ਲੋਕ ਅੱਜ ਤੱਕ ਕਰਦੇ ਹਨ। ਦੱਸ ਦਈਏ ਅਮਰ ਸਿੰਘ ਚਮਕੀਲਾ ਨੇ ਧਾਰਮਿਕ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਨਾਲ ਸ਼ਿੰਘਾਰਿਆ ਹੈ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ ‘ਤਲਵਾਰ ਮੈਂ ਕਲਗੀਧਰ ਦੀ ਹਾਂ’ 1985 ਵਿੱਚ ਐਚਐਮਵੀ ਕੰਪਨੀ ਨੇ ਰਿਕਾਰਡ ਕੀਤਾ ਸੀ। ਮਰਹੂਮ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਵੱਲੋਂ ਇਸ ਗੀਤ ਦੇ ਬੋਲ ਲਿਖੇ ਗਏ ਸਨ। ਇਹ ਗੀਤ ਸਾਲ 1985 'ਚ ਬਹੁਤ ਪ੍ਰਸਿੱਧ ਹੋਇਆ।
1986 ਦੇ ਵਿੱਚ ਵੀ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਨੇ ਕਮਾਲ ਕੀਤਾ। ਇਸ ਸਾਲ ‘ਨਾਮ ਜਪ ਲੈ’ ਗੀਤ ਰਿਕਾਰਡ ਹੋਇਆ। ਇਹ ਗੀਤ ਵੀ ਸੁਪਰਹਿੱਟ ਸਾਬਿਤ ਹੋਇਆ। ਸਾਲ 1987 ਦੇ ਵਿੱਚ ਧਾਰਮਿਕ ਟੇਪ ‘ਬਾਬਾ ਤੇਰਾ ਨਨਕਾਣਾ’ ਰਿਲੀਜ਼ ਹੋਈ। ਇਸ ਟੇਪ ਦੇ ਵਿੱਚ ਕੁੱਲ 9 ਗੀਤ ਸਨ। ਇਸ ਟੇਪ ਵਿਚਲਾ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਦਾਬਹਾਰ ਗੀਤਾਂ ਦੇ ਵਿੱਚ ਸ਼ਾਮਿਲ ਹੈ। ਇਸ ਨੂੰ ਪ੍ਰਸਿੱਧ ਗੀਤਕਾਰ ਸਵਰਨ ਸੀਵੀਆ ਨੇ ਲਿਖਿਆ ਅਤੇ ਇਸ ਦਾ ਮਿਊਜ਼ਿਕ ਚਮਕੀਲੇ ਨੇ ਆਪ ਤਿਆਰ ਕੀਤਾ।