ਮੁੰਬਈ: ਫ਼ਿਲਮਮੇਕਰ ਮੇਘਨਾ ਗੁਲਜ਼ਾਰ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਛਪਾਕ' ਕਾਰਨ ਬਹੁਤ ਖੁਸ਼ ਹੈ। ਇਸ ਖੁਸ਼ੀ ਦਾ ਕਾਰਨ ਇਹ ਹੈ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਤਾਂ ਇਸ ਫ਼ਿਲਮ ਨੂੰ ਪਸੰਦ ਕਰ ਹੀ ਰਹੇ ਹਨ ਪਰ ਇਸ ਤੋਂ ਇਲਾਵਾ ਉਤਰਾਖੰਡ ਸਰਕਾਰ ਨੇ ਇਸ ਫ਼ਿਲਮ ਨੂੰ ਵੇਖ ਕੇ ਅਹਿਮ ਐਲਾਨ ਕੀਤਾ ਹੈ। ਦੱਸ ਦਈਏ ਕਿ ਉਤਰਾਖੰਡ ਸਰਕਾਰ ਨੇ ਰਾਜ ਵਿੱਚ ਤੇਜ਼ਾਬੀ ਹਮਲਾ ਪੀੜਤਾਂ ਨੂੰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਨਿਰਦੇਸ਼ਕ ਮੇਘਨਾ ਗੁਲਜ਼ਾਰ ਨੇ ਲਿਖਿਆ,"ਉਦੇਸ਼।"
ਫ਼ਿਲਮ 'ਛਪਾਕ' ਦਾ ਉਦੇਸ਼ ਹੋਇਆ ਪੂਰਾ: ਮੇਘਨਾ ਗੁਲਜ਼ਾਰ
ਫ਼ਿਲਮ 'ਛਪਾਕ' ਦੀ ਰਿਲੀਜ਼ ਤੋਂ ਬਾਅਦ ਉੱਤਰਾਖੰਡ ਸਰਕਾਰ ਨੇ ਸੂਬੇ ਵਿੱਚ ਤੇਜ਼ਾਬੀ ਹਮਲਾ ਪੀੜਤਾਂ ਲਈ ਪੈਨਸ਼ਨ ਦਾ ਐਲਾਨ ਕੀਤਾ ਹੈ। ਇਸ ਖ਼ਬਰ 'ਤੇ ਫ਼ਿਲਮ ਨਿਰਦੇਸ਼ਕ ਮੇਘਨਾ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਫਿਲਮ ਆਪਣੇ "ਉਦੇਸ਼" ਨੂੰ ਪੂਰਾ ਕਰਨ ਵਿੱਚ ਸਫ਼ਲ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਉਤਰਾਖੰਡ 'ਚ 10-11 ਤੇਜ਼ਾਬੀ ਹਮਲਾ ਪੀੜਤਾਂ ਰਹਿੰਦੀਆਂ ਹਨ। ਮਹਿਲਾ ਅਤੇ ਬਾਲ ਭਲਾਈ ਮੰਤਰੀ ਰੇਖਾ ਆਰੀਆ ਨੇ ਇਸ ਸਕੀਮ ਦੇ ਐਲਾਨ ਵੇਲੇ ਕਿਹਾ ਕਿ ਸਰਕਾਰ ਪੀੜਤਾਂ ਵਾਸਤੇ 5000-6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਤਾਂ ਜੋ ਉਹ ਵੀ ਮਾਣ ਭਰੀ ਜ਼ਿੰਦਗੀ ਜੀ ਸਕਣ। ਆਰੀਆ ਨੇ ਕਿਹਾ, "ਅਸੀਂ ਇਸ ਯੋਜਨਾ ਨੂੰ ਲਾਗੂ ਕਰਨ ਲਈ ਮੰਤਰੀ ਮੰਡਲ ਵਿੱਚ ਇੱਕ ਪ੍ਰਸਤਾਵ ਲਿਆਵਾਂਗੇ। ਵਿਚਾਰ ਹੈ ਕਿ ਇਨ੍ਹਾਂ ਦਲੇਰ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਦਿੱਤੀ ਜਾਵੇ। "
ਦੀਪਿਕਾ ਪਾਦੁਕੋਣ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ "ਛਪਾਕ" ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਹੈ। ਇਹ ਫਿਲਮ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ।