ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਕਈ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਭੇਜਿਆ, ਜਿਸ ਕਾਰਨ ਅਦਾਕਾਰ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਵੱਲੋਂ ਕੀਤੇ ਸਮਾਜਕ ਕਾਰਜਾਂ ਲਈ ਵਿਸ਼ੇਸ਼ ਮਾਨਵਤਾਵਾਦੀ ਐਕਸ਼ਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।
'ਰੀਅਲ ਹੀਰੋ' ਸੋਨੂੰ ਸੂਦ ਨੂੰ ਯੂਐਨਡੀਪੀ ਨੇ ਕੀਤਾ ਸਨਮਾਨਤ
ਕੋਰੋਨਾ ਕਾਲ 'ਚ ਪ੍ਰਵਾਸੀਆਂ ਦਾ ਮਸੀਹਾ ਬਣੇ ਪੰਜਾਬ ਦੇ ਰਹਿਣ ਵਾਲੇ ਬਾਲੀਵੁਡ ਅਦਾਕਾਰ ਸੋਨੂੰ ਸੂਦ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵੱਲੋਂ ਸਨਮਾਨਤ ਕੀਤਾ ਗਿਆ ਹੈ। ਸੋਨੂੰ ਸੂਦ ਨੇ ਮੁਸ਼ਕਿਲ ਸਮੇਂ ਵਿੱਚ ਪੈਦਲ ਘਰਾਂ ਨੂੰ ਜਾ ਰਹੇ ਪ੍ਰਵਾਸੀਆਂ ਦੀ ਮਦਦ ਕਰ ਉਨ੍ਹਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਇਆ ਸੀ।
ਸਨਮਾਨਤ ਕੀਤੇ ਜਾਣ 'ਤੇ ਸੋਨੂ ਨੇ ਕਿਹਾ ਕਿ, "ਇਹ ਇੱਕ ਵਿਰਲਾ ਸਨਮਾਨ ਹੈ। ਸੰਯੁਕਤ ਰਾਸ਼ਟਰ ਵੱਲੋਂ ਹਾਸਲ ਕੀਤਾ ਇਹ ਸਨਮਾਨ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦੇਸ਼ ਵਾਸੀਆਂ ਲਈ ਬਿਨਾਂ ਕਿਸੇ ਉਮੀਦ ਦੇ ਜੋ ਕੁਝ ਕਰ ਸਕਦਾ ਸੀ, ਉਹ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ 2030 ਤੱਕ ਐਸਡੀਜੀ (ਸਥਾਈ ਵਿਕਾਸ ਟੀਚਿਆਂ) ਨੂੰ ਹਾਸਲ ਕਰਨ ਦੇ ਯਤਨਾਂ ਵਿੱਚ ਯੂਐਨਡੀਪੀ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਇਨ੍ਹਾਂ ਟੀਚਿਆਂ ਦੇ ਲਾਗੂ ਹੋਣ ਨਾਲ ਧਰਤੀ ਅਤੇ ਮਨੁੱਖਜਾਤੀ ਨੂੰ ਬਹੁਤ ਫਾਇਦਾ ਹੋਵੇਗਾ।"
ਅਦਾਕਾਰ ਨੂੰ ਇਹ ਪੁਰਸਕਾਰ ਵਰਚੁਅਲ ਪ੍ਰੋਗਰਾਮ ਰਾਹੀਂ ਦਿੱਤਾ ਗਿਆ ਹੈ। ਅਦਾਕਾਰ ਸੋਨੂੰ ਸੂਦ ਆਰਥਿਕ ਤੌਰ ‘ਤੇ ਕਮਜ਼ੋਰ, ਪ੍ਰੇਸ਼ਾਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸੋਨੂੰ ਸੂਦ ਦੀ ਲੋਕਾਂ ਦੀ ਨਿਰਸਵਾਰਥ ਸੇਵਾ ਲਈ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਤਾਲਾਬੰਦੀ ਦੇ ਸਮੇਂ ਲੋਕਾਂ ਦੀ ਮਦਦ ਲਈ ਇੱਕ ਕਾਫਲਾ ਸ਼ੁਰੂ ਕੀਤਾ ਜੋ ਹੁਣ ਵੱਧਦਾ ਜਾ ਰਿਹਾ ਹੈ।