ਮੁੰਬਈ: ਅਦਾਕਾਰ ਟਾਇਗਰ ਸ਼ਰਾਫ਼ ਦੇ ਫ਼ੈਨਜ਼ ਲਈ ਖੁਸ਼ ਖ਼ਬਰੀ ਹੈ। ਅਗਲੇ ਸਾਲ ਉਨ੍ਹਾਂ ਦੀ ਹਿੱਟ ਫ਼ਿਲਮ 'ਹੀਰੋਪੰਤੀ' ਦਾ ਦੂਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦਾ ਆਫ਼ੀਸ਼ਲ ਐਲਾਨ ਦੇ ਨਾਲ ਨਾਲ ਫ਼ਿਲਮ ਦਾ ਫ਼ਰਸਟ ਲੁੱਕ ਵੀ ਜਾਰੀ ਹੋ ਚੁੱਕਾ ਹੈ।
ਟਾਇਗਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਪੋਸਟਰ ਸਾਂਝੇ ਕੀਤੇ ਹਨ ਜਿਸ 'ਚ ਉਹ ਮੁੜ ਤੋਂ ਐਕਸ਼ਨ ਮੋਡ 'ਤੇ ਨਜ਼ਰ ਆ ਰਹੇ ਹਨ। ਪਹਿਲੇ ਪੋਸਟਰ 'ਚ ਉਹ ਬੰਦੂਕਾਂ ਦੇ ਆਲੇ-ਦੁਆਲੇ ਦਿਖ ਰਹੇ ਹਨ ਅਤੇ ਦੂਜੇ ਪੋਸਟਰ 'ਚ ਉਨ੍ਹਾਂ ਦੇ ਹੱਥ 'ਚ ਬੰਦੂਕ ਹੈ। ਪੋਸਟਰ 'ਤੇ ਲਿਖਿਆ ਹੈ, "ਦਿ ਵਰਲਡ ਵਾਨਟੇਡ ਹਿਮ ਡੇਡ।"
ਇਹ ਵੀ ਪੜ੍ਹੋ: ਤਾਮਿਲ ਫ਼ਿਲਮ ਦੇ ਰੀਮੇਕ 'ਚ ਨਜ਼ਰ ਆਉਣਗੇ ਬਾਲੀਵੁੱਡ ਦੇ ਸਿੰਘਮ
ਫ਼ਿਲਮ ਦੀ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਟਾਇਗਰ ਨੇ ਲਿਖਿਆ, "ਇਹ ਮੇਰੇ ਲਈ ਬਹੁਤ ਸਪੈਸ਼ਲ ਹੈ। ਮੇਰੇ ਮੈਂਟਰ ਸਾਜਿਦ ਸਰ ਦੇ ਨਾਲ ਇੱਕ ਹੋਰ ਫ੍ਰੈਂਚਾਇਜ਼ੀ ਨੂੰ ਅੱਗੇ ਵਧਾਉਣਾ ਮੇਰੀ ਖੁਸ਼ਕਿਸਮਤੀ ਹੈ।"
ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਚੁੱਕਿਆ ਹੈ। ਇਹ ਫ਼ਿਲਮ 16 ਜੁਲਾਈ 2021 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਫ਼ਿਲਮ 'ਹੀਰੋਪੰਤੀ' 'ਚ ਟਾਇਗਰ ਦੇ ਨਾਲ ਕ੍ਰਿਤੀ ਸੈਨਨ ਨੂੰ ਕਾਸਟ ਕੀਤਾ ਗਿਆ ਸੀ। ਦੂਜੇ ਭਾਗ 'ਚ ਲੀਡ ਅਦਾਕਾਰ ਕ੍ਰਿਤੀ ਹੀ ਹੋਵੇਗੀ, ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਟਾਇਗਰ ਆਪਣੀ ਆਉਣ ਵਾਲੀ ਫ਼ਿਲਮ 'ਬਾਗੀ 3' ਦੇ ਪ੍ਰਮੋਸ਼ਨ 'ਚ ਮਸ਼ਰੂਫ਼ ਹਨ। ਇਸ 'ਚ ਉਨ੍ਹਾਂ ਨਾਲ ਸ਼ਰਧਾ ਕਪੂਰ, ਰਿਤੇਸ਼ ਦੇਸ਼ਮੁੱਖ, ਅੰਕਿਤਾ ਲੋਖੰਡੇਂ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 6 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।