ਮੁੰਬਈ: ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ, ਅੱਜ ਹਰ ਪਾਸੇ ਪੰਜਾਬਣਾਂ ਦਾ ਚਰਚਾ ਹੈ। ਪੰਜਾਬ ਦੀਆਂ ਕੁੜੀਆਂ ਹਰ ਖੇਤਰ 'ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ 'ਚ ਕਾਮਯਾਬ ਹੋਈਆਂ ਹਨ। ਅੱਜ ਦੇ ਦੌਰ 'ਚ ਬਾਲੀਵੁੱਡ ਦੇ ਵਿੱਚ ਤਾਪਸੀ ਪੰਨੂ ਨੇ ਆਪਣੀ ਮਿਹਨਤ ਦੇ ਨਾਲ ਇੱਕ ਮੁਕਾਮ ਹਾਸਿਲ ਕੀਤਾ ਹੈ। 1 ਅਗਸਤ 1987 ਦੇ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ ਤਾਪਸੀ ਦਾ ਜਨਮ। ਉਨ੍ਹਾਂ ਦੇ ਪਿਤਾ ਦਿਲਮੋਹਨ ਸਿੰਘ ਇੱਕ ਬਿਜਨੈਸਮੇਨ ਹਨ ਜਦਕਿ ਮਾਂ ਨਿਰਮਲਜੀਤ ਪੰਨੂ ਇੱਕ ਹਾਊਸ ਵਾਇਫ਼ ਹੈ।
8 ਸਾਲ ਦੀ ਉਮਰ 'ਚ ਤਾਪਸੀ ਨੇ ਕੱਥਕ ਅਤੇ ਭਾਰਤਨਾਟਯਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਕਰੀਬ 8 ਸਾਲ ਤੱਕ ਉਨ੍ਹਾਂ ਨੇ ਡਾਂਸ ਦੀ ਸਿਖਲਾਈ ਲਈ।
ਅਦਾਕਾਰਾ ਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਦੇ ਇੱਕ ਪਬਲਿਕ ਸਕੂਲ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਤਾਪਸੀ ਪੰਨੂ ਨੇ ਖੇਡਾਂ ਅਤੇ ਕਰੀਕੁਲਰ ਐਕਟੀਵੀਟੀਜ਼ 'ਚ ਕਾਫ਼ੀ ਰੁਚੀ ਵਿਖਾਈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਤਾਪਸੀ ਪੰਨੂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ।
ਇੰਜੀਨੀਅਰਿੰਗ ਤੋਂ ਬਾਅਦ ਤਾਪਸੀ ਨੇ ਬਤੌਰ ਸਾਫ਼ਟਵੇਅਰ ਇੰਜੀਨੀਅਰ ਦਾ ਕੰਮ ਕੀਤਾ। ਤਾਪਸੀ ਨੇ ਕਰੀਬ 6 ਮਹੀਨੇ ਤੱਕ ਨੌਕਰੀ ਕੀਤੀ। ਅਦਾਕਾਰੀ 'ਚ ਆਉਣ ਤੋਂ ਪਹਿਲਾਂ ਤਾਪਸੀ ਪੰਨੂ ਨੇ ਕਾਫ਼ੀ ਸਮਾਂ ਮਾਡਲਿੰਗ ਕੀਤੀ। ਮਾਡਲਿੰਗ ਤੋਂ ਬਾਅਦ ਤਾਪਸੀ ਨੂੰ ਸਾਊਥ ਫ਼ਿਲਮ ਇੰਡਸਟਰੀ ਤੋਂ ਆਫ਼ਰ ਆਉਣ ਲੱਗੇ। ਉਨ੍ਹਾਂ ਨੇ ਅਦਾਕਾਰ ਧਨੁਸ਼ ਦੇ ਨਾਲ ਤਾਮਿਲ ਫ਼ਿਲਮ 'ਆਡੂਕਲਾਮ' ਤੋਂ ਡੈਬਿਯੂ ਕੀਤਾ। ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਅਤੇ ਇਸ ਫ਼ਿਲਮ ਨੇ 6 ਨੈਸ਼ਨਲ ਅਵਾਰਡ ਜਿੱਤੇ।
ਤਾਪਸੀ ਨੇ ਸਾਲ 2013 'ਚ ਬਾਲੀਵੁੱਡ ਫ਼ਿਲਮ 'ਚਸ਼ਮੇਬਦੁਰ' ਤੋਂ ਬਾਲੀਵੁੱਡ ਦੇ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਈ ਪਰ ਇਸ ਫ਼ਿਲਮ ਰਾਹੀਂ ਤਾਪਸੀ ਨੂੰ ਹਰ ਇੱਕ ਨੇ ਨੋਟਿਸ ਕੀਤਾ। ਤਾਪਸੀ ਨੂੰ ਵੱਡੀ ਪਹਿਚਾਣ ਮਿਲੀ ਨਿਰਦੇਸ਼ਕ ਸ਼ੂਜਿਤ ਸਰਕਾਰ ਦੀ ਫ਼ਿਲਮ 'ਪਿੰਕ' ਤੋਂ ਇਸ ਫ਼ਿਲਮ 'ਚ ਤਾਪਸੀ ਨੂੰ ਦਰਸ਼ਕਾਂ ਦੇ ਨਾਲ ਨਾਲ ਕ੍ਰਿਟੀਕਸ ਨੇ ਵੀ ਖ਼ੂਬ ਪਸੰਦ ਕੀਤਾ। 2013 ਤੋਂ ਲੈ ਕੇ 2019 ਤੱਕ ਤਾਪਸੀ ਨੇ ਆਪਣੀ ਮਿਹਨਤ ਦੇ ਨਾਲ ਪੰਜਾਬਣਾਂ ਦਾ ਨਾਂਅ ਰੋਸ਼ਨ ਕੀਤਾ ਹੈ।