ਮੁੰਬਈ: ਛੋਟੇ ਪਰਦੇ ਦੇ ਚਰਚਿਤ ਰਿਐਲਟੀ ਸ਼ੋਅ ਬਿੱਗ ਬੌਸ ਦਾ 13 ਸੀਜ਼ਨ ਚੱਲ ਰਿਹਾ ਹੈ। ਇਹ ਸ਼ੋਅ ਪਹਿਲੇ ਦਿਨ ਤੋਂ ਹੀ ਕਾਫ਼ੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਵਾਰ ਵੀ ਸ਼ੋਅ ਵਿੱਚ ਪ੍ਰਤੀਯੋਗੀਆਂ ਦੇ ਵਿਚਕਾਰ ਕਾਫ਼ੀ ਤਣਾਅ ਤੇ ਹਿੰਸਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਅਦਾਕਾਰ ਤਾਪਸੀ ਪੰਨੂ ਨੇ ਸ਼ੋਅ ਨੂੰ ਲੈ ਕੇ ਦਰਸ਼ਕਾਂ ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹਾ ਹਿੰਸਾ ਵਾਲਾ ਸ਼ੋਅ ਕਿਵੇਂ ਪਸੰਦ ਆ ਰਿਹਾ ਹੈ?
ਹੋਰ ਪੜ੍ਹੋ: ਜੇਲ੍ਹ ਬ੍ਰੇਕ ਦੀ ਸੱਚੀ ਘਟਨਾ ਉੱਤੇ ਅਧਾਰਿਤ ਫ਼ਿਲਮ 'Operation Parindey'
ਦਰਅਸਲ ਤਾਪਸੀ ਦੀ ਆਉਣ ਵਾਲੀ ਫ਼ਿਲਮ 'ਥੱਪੜ' ਵਿੱਚ ਉਹ ਘਰੇਲੂ ਹਿੰਸਾ ਦੇ ਖ਼ਿਲਾਫ਼ ਲੜਾਈ ਕਰਦੀ ਨਜ਼ਰ ਆਉਣ ਵਾਲੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਤਾਪਸੀ ਨੇ ਟੈਲੀਵਿਜ਼ਨ ਦੇ ਸ਼ੋਅ ਬਿੱਗ-ਬੌਸ ਤੇ ਉਸ ਵਿੱਚ ਚੱਲ ਰਹੀ ਹਿੰਸਾ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਲੋਕ ਇਸ ਤਰ੍ਹਾਂ ਦੀ ਹਿੰਸਾ ਨੂੰ ਪਸੰਦ ਕਿਵੇਂ ਕਰ ਲੈਂਦੇ ਹਨ? ਇਹ ਮਜ਼ਾਕ ਨਹੀਂ ਹੈ। ਜੇ ਸਾਡੇ ਨਾਲ ਅਜਿਹਾ ਹੁੰਦਾ ਹੈ, ਤਾਂ ਸਾਨੂੰ ਮਜ਼ਾ ਨਹੀਂ ਆਉਂਦਾ ਹੈ। ਇਹ ਸਾਡੇ ਲਈ ਤਦ ਤੱਕ ਮਨੋਰੰਜਕ ਹੈ ਜਦ ਤੱਕ ਇਹ ਦੂਸਰਿਆਂ ਨਾਲ ਹੁੰਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਕਦੇ ਕਿਸੇ ਨਾਲ ਹੋ ਰਹੀ ਹਿੰਸਾ ਨੂੰ ਮਨੋਰੰਜਨ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਜਿਨ੍ਹਾਂ ਨਾਲ ਹਿੰਸਾ ਹੋ ਰਹੀ ਹੈ ਕਦੇ ਉਨ੍ਹਾਂ ਦੀ ਥਾਂ ਉੱਤੇ ਆਪਣੇ ਆਪ ਨੂੰ ਰੱਖ ਕੇ ਦੇਖੋ। ਜਦ ਸਾਡਾ ਨਜ਼ਰਿਆ ਬਦਲੇਗਾ। ਮੈਨੂੰ ਪਤਾ ਹੈ ਕਿ ਇਸ ਵਿੱਚ ਲੰਬਾ ਸਮਾਂ ਲਗੇਗਾ। ਪਰ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੋਵੇਗੀ।"
ਬਿੱਗ-ਬੌਸ ਵੱਲ ਇਸ਼ਾਰਾ ਕਰਦੇ ਹੋਏ ਤਾਪਸੀ ਨੇ ਕਿਹਾ, "ਮੈਂ ਅਜਿਹੀਆਂ ਚੀਜ਼ਾ ਤੋਂ ਸਿਰਫ਼ ਇਸ ਲਈ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਕਿਉਂਕਿ ਲੋਕ ਇਸ ਨੂੰ ਪਸੰਦ ਕਰ ਰਹੇ ਹਨ।" ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਾ ਅਜਿਹੀ ਚੀਜ਼ ਨੂੰ ਦੇਖਣਾ ਚਾਹੀਦਾ ਹੈ ਤੇ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।