ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ। ਸੁਸ਼ਾਂਤ ਦੇ ਪਿਤਾ ਨੇ ਇਸ ਲਈ ਬੇਨਤੀ ਕੀਤੀ ਸੀ। ਇਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਈਡੀ ਨੇ ਸੁਸ਼ਾਂਤ ਦੇ ਚਾਰਟਰਡ ਅਕਾਉਂਟੈਂਟ (ਸੀਏ) ਤੋਂ ਪੁੱਛਗਿੱਛ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਏ ਸੰਦੀਪ ਸ਼੍ਰੀਧਰ ਤੋਂ ਮੁੰਬਈ ਦੀ ਕੇਂਦਰੀ ਏਜੰਸੀ ਨੇ ਪੁੱਛਗਿੱਛ ਕੀਤੀ ਅਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ।
ਮੰਨਿਆ ਜਾ ਰਿਹਾ ਹੈ ਕਿ ਸੀਏ ਲਗਭਗ ਇੱਕ ਸਾਲ ਤੋਂ ਅਦਾਕਾਰ ਦੇ ਵਿੱਤੀ ਅਕਾਉਂਟ ਦੀ ਦੇਖਭਾਲ ਕਰ ਰਿਹਾ ਸੀ ਅਤੇ ਈਡੀ ਜਾਂਚ ਨੂੰ ਅੱਗੇ ਵਧਾਉਣ ਲਈ ਉਸਦੇ ਵਿੱਤੀ ਲੈਣ-ਦੇਣ ਨੂੰ ਸਮਝਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਮ੍ਰਿਤ ਪਾਏ ਗਏ ਸਨ।
ਬਿਹਾਰ ਪੁਲਿਸ ਵੱਲੋਂ ਦਰਜ ਮੁਢਲੀ ਐਫਆਈਆਰ ਦੇ ਅਧਾਰ 'ਤੇ ਈਡੀ ਨੇ ਪਿਛਲੇ ਹਫਤੇ ਇੱਕ ਕੇਸ ਦਰਜ ਕੀਤਾ ਸੀ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਕੀਤੀ। ਐਫਆਈਆਰ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਨੇ ਬਾਲੀਵੁੱਡ ਅਦਾਕਾਰ ਨੂੰ ਖੁਦਕੁਸ਼ੀ ਲਈ ਉਕਸਾਇਆ।
ਈਡੀ ਦੀ ਨਜ਼ਰ ਰਾਜਪੂਤ ਨਾਲ ਸਬੰਧਤ ਦੋ ਕੰਪਨੀਆਂ ਅਤੇ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਨਾਲ ਜੁੜੇ ਕੁਝ ਵਿੱਤੀ ਲੈਣ-ਦੇਣ ਉੱਤੇ ਹੈ। ਈਡੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ, ਜਿਨ੍ਹਾਂ ਦੇ ਨਾਮ ਬਿਹਾਰ ਪੁਲਿਸ ਵੱਲੋਂ ਦਾਇਰ ਕੀਤੀ ਗਈ ਐਫਆਈਆਰ ਵਿੱਚ ਹਨ। ਇਸ ਵਿੱਚ ਚੱਕਰਵਰਤੀ, ਉਸ ਦਾ ਪਰਿਵਾਰ ਅਤੇ 6 ਹੋਰ ਨਾਮ ਸ਼ਾਮਲ ਹਨ।